ਸ਼ਾਰਜਾਹ (ਪੀਟੀਆਈ) : ਕਿੰਗਜ਼ ਇਲੈਵਨ ਪੰਜਾਬ ਦੀ ਆਈਪੀਐੱਲ ਵਿਚ ਖ਼ਰਾਬ ਲੈਅ ਲਗਾਤਾਰ ਜਾਰੀ ਹੈ ਤੇ ਉਸ ਨੂੰ ਸੱਤ ਮੈਚਾਂ ਵਿਚੋਂ ਸਿਰਫ਼ ਇਕ ਵਿਚ ਹੀ ਜਿੱਤ ਮਿਲੀ ਹੈ। ਉਹ ਜਿੱਤ ਵੀ ਉਸ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਖ਼ਿਲਾਫ਼ ਮਿਲੀ ਸੀ। ਇਸੇ ਆਰਸੀਬੀ ਦੇ ਸਾਹਮਣੇ ਪੰਜਾਬ ਨੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਵੀਰਵਾਰ ਨੂੰ ਭਿੜਨਾ ਹੈ। ਪੰਜਾਬ ਲਈ ਇਹ ਮੈਚ ਆਪਣੇ ਆਪ ਨੂੰ ਦੁਬਾਰਾ ਲੈਅ ਵਿਚ ਲਿਆਉਣ ਦਾ ਮੌਕਾ ਹੋਵੇਗਾ। ਆਰਸੀਬੀ ਖ਼ਿਲਾਫ਼ ਮਿਲੀ ਪਿਛਲੀ ਜਿੱਤ ਨਾਲ ਉਸ ਨੂੰ ਆਤਮਵਿਸ਼ਵਾਸ ਮਿਲੇਗਾ। ਪੰਜਾਬ ਲਈ ਇਸ ਸੈਸ਼ਨ ਵਿਚ ਕੇਐੱਲ ਰਾਹੁਲ ਤੇ ਮਯੰਕ ਅਗਰਵਾਲ ਦੇ ਬੱਲੇ ਨੂੰ ਛੱਡ ਕੇ ਕੁਝ ਵੀ ਸਹੀ ਨਹੀਂ ਚੱਲ ਰਿਹਾ ਹੈ। ਬਾਕੀ ਕੋਈ ਹੋਰ ਬੱਲੇਬਾਜ਼ ਕੁਝ ਖ਼ਾਸ ਨਹੀਂ ਕਰ ਪਾ ਰਿਹਾ ਹੈ। ਅਜੇ ਤਕ ਬੈਂਚ 'ਤੇ ਬੈਠੇ ਕ੍ਰਿਸ ਗੇਲ ਇਸ ਮੈਚ ਵਿਚ ਖੇਡ ਸਕਦੇ ਹਨ। ਕੋਚ ਅਨਿਲ ਕੁੰਬਲੇ ਨੇ ਕਿਹਾ ਕਿ ਗੇਲ ਪਿਛਲੇ ਮੈਚ ਵਿਚ ਖੇਡਣ ਵਾਲੇ ਸਨ ਪਰ ਤਬੀਅਤ ਠੀਕ ਨਾ ਹੋਣ ਕਾਰਨ ਖੇਡ ਨਹੀਂ ਸਕੇ। ਹੁਣ ਗੇਲ ਹਸਪਤਾਲ ਤੋਂ ਵੀ ਵਾਪਿਸ ਮੁੜ ਆਏ ਹਨ। ਉਮੀਦ ਹੈ ਕਿ ਉਹ ਇਸ ਸੈਸ਼ਨ ਵਿਚ ਆਪਣਾ ਪਹਿਲਾ ਮੈਚ ਖੇਡਣਗੇ। ਗੇਲ ਦੇ ਆਉਣ ਨਾਲ ਟੀਮ ਨੂੰ ਮਜ਼ਬੂਤੀ ਮਿਲੇਗੀ। ਆਰਸੀਬੀ ਦੇ ਬੱਲੇਬਾਜ਼ ਲੈਅ ਵਿਚ ਹਨ। ਸਲਾਮੀ ਬੱਲੇਬਾਜ਼ ਦੇਵਦੱਤ ਪਡੀਕਲ, ਆਰੋਨ ਫਿੰਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਕੋਹਲੀ ਦਾ ਬੱਲਾ ਵੀ ਚੱਲ ਰਿਹਾ ਹੈ। ਡਿਵੀਲੀਅਰਜ਼ ਨੇ ਪਿਛਲੇ ਮੈਚ ਵਿਚ ਸ਼ਾਰਜਾਹ ਵਿਚ ਜਿਸ ਤਰ੍ਹਾਂ ਦੀ ਬੱਲੇਬਾਜ਼ੀ ਕੀਤੀ ਸੀ ਉਹ ਪੰਜਾਬ ਲਈ ਖ਼ਤਰੇ ਦੀ ਘੰਟੀ ਹੈ। ਇਸ ਲਈ ਪੰਜਾਬ ਨੂੰ ਵੱਧ ਚੌਕਸ ਰਹਿਣਾ ਪਵੇਗਾ ਕਿਉਂਕਿ ਜੇ ਕੋਹਲੀ ਤੇ ਡਿਵੀਲੀਅਰਜ਼ ਇਕੱਠੇ ਚੱਲ ਗਏ ਤਾਂ ਮਜ਼ਬੂਤ ਤੋਂ ਮਜ਼ਬੂਤ ਗੇਂਦਬਾਜ਼ੀ ਹਮਲੇ ਨੂੰ ਪਰੇਸ਼ਾਨ ਕਰ ਦੇਣਗੇ। ਆਰਸੀਬੀ ਦੀ ਗੇਂਦਬਾਜ਼ੀ ਵੀ ਚੰਗੀ ਚੱਲ ਰਹੀ ਹੈ। ਕ੍ਰਿਸ ਮੌਰਿਸ ਦੇ ਆਉਣ ਨਾਲ ਇਸ ਨੂੰ ਮਜ਼ਬੂਤੀ ਮਿਲੀ ਹੈ।