ਨਵੀਂ ਦਿੱਲੀ (ਜੇਐੱਨਐੱਨ) : ਕਿੰਗਜ਼ ਇਲੈਵਨ ਪੰਜਾਬ ਨੇ ਵੀਰਵਾਰ ਨੂੰ ਸ਼ਾਰਜਾਹ ਵਿਚ ਖੇਡੇ ਗਏ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਖ਼ਿਲਾਫ਼ ਮੁਕਾਬਲੇ ਨੂੰ ਅੱਠ ਵਿਕਟਾਂ ਨਾਲ ਜਿੱਤ ਲਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਨੇ ਤੈਅ 20 ਓਵਰਾਂ 'ਚ ਛੇ ਵਿਕਟਾਂ 'ਤੇ 171 ਦੌੜਾਂ ਦਾ ਸਕੋਰ ਬਣਾਇਆ। ਜਵਾਬ ਵਿਚ ਕਿੰਗਜ਼ ਇਲੈਵਨ ਪੰਜਾਬ ਨੇ ਦੋ ਵਿਕਟਾਂ ਦੇ ਨੁਕਸਾਨ 'ਤੇ 177 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕੀਤਾ। ਪੰਜਾਬ ਲਈ ਮਯੰਕ ਅਗਰਵਾਲ ਨੇ 25 ਗੇਂਦਾਂ 'ਤੇ 45 ਦੌੜਾਂ ਬਣਾਈਆਂ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਇਸ ਸੈਸ਼ਨ ਵਿਚ ਪਹਿਲੀ ਵਾਰ ਮੈਦਾਨ 'ਤੇ ਉਤਰੇ ਕ੍ਰਿਸ ਗੇਲ ਨੇ ਕੁਝ ਸਮਾਂ ਲੈਣ ਤੋਂ ਬਾਅਦ ਆਪਣਾ ਰੰਗ ਦਿਖਾਇਆ ਤੇ 45 ਗੇਂਦਾਂ 'ਤੇ 53 ਦੌੜਾਂ ਬਣਾ ਦਿੱਤੀਆਂ। ਮੈਨ ਆਫ ਦ ਮੈਚ ਬਣੇ ਕਪਤਾਨ ਲੋਕੇਸ਼ ਰਾਹੁਲ ਨੇ ਅਜੇਤੂ 61 ਦੌੜਾਂ ਦਾ ਯੋਗਦਾਨ ਦਿੱਤਾ। ਹਾਲਾਂਕਿ ਮੈਚ ਦਾ ਅੰਤ ਰੋਮਾਂਚਕ ਬਣ ਗਿਆ ਜਦ ਪੰਜਾਬ ਨੂੰ ਆਖ਼ਰੀ ਗੇਂਦ 'ਤੇ ਇਕ ਗੇਂਦ ਦੀ ਲੋੜ ਸੀ ਤਾਂ ਪੂਰਨ ਨੇ ਸ਼ਾਨਦਾਰ ਛੱਕਾ ਜੜ ਕੇ ਆਪਣੀ ਟੀਮ ਨੂੰ ਜੇਤੂ ਬਣਾਇਆ।