ਸ਼ਾਰਜਾਹ (ਪੀਟੀਆਈ) : ਲਗਾਤਾਰ ਚਾਰ ਜਿੱਤਾਂ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਪਲੇਆਫ ਵਿਚ ਥਾਂ ਬਣਾਉਣ ਦੀ ਮਜ਼ਬੂਤ ਦਾਅਵੇਦਾਰ ਦੇ ਰੂਪ 'ਚ ਉੱਭਰੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਸੋਮਵਾਰ ਨੂੰ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਖ਼ਿਲਾਫ਼ ਆਪਣਾ ਪ੍ਰਦਰਸ਼ਨ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ।

ਕਿੰਗਜ਼ ਇਲੈਵਨ ਪੰਜਾਬ ਦੇ 11 ਮੈਚਾਂ ਵਿਚ ਪੰਜ ਜਿੱਤਾਂ ਨਾਲ 10 ਅੰਕ ਹਨ ਜਦਕਿ ਕੇਕੇਆਰ ਦੇ ਇੰਨੇ ਹੀ ਮੈਚਾਂ ਵਿਚ ਛੇ ਜਿੱਤਾਂ ਨਾਲ 12 ਅੰਕ ਹਨ। ਪਲੇਆਫ ਦੀ ਦੌੜ ਹੁਣ ਕਾਫੀ ਸਖ਼ਤ ਹੋ ਗਈ ਹੈ ਤੇ ਇਸ ਕਾਰਨ ਦੋਵੇਂ ਟੀਮਾਂ ਸੋਮਵਾਰ ਨੂੰ ਜਿੱਤ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ। ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਸ਼ਾਨਦਾਰ ਲੈਅ ਵਿਚ ਹੈ।

ਉਸ ਨੇ ਲਗਾਤਾਰ ਪੰਜ ਮੈਚ ਗੁਆਉਣ ਤੋਂ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੂੰ ਹਰਾਇਆ ਤੇ ਫਿਰ ਚੋਟੀ ਦੀਆਂ ਦੋ ਟੀਮਾਂ ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਜ਼ ਨੂੰ ਮਾਤ ਦਿੱਤੀ। ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ ਤਾਂ ਉਸ ਨੇ ਆਪਣੇ ਛੋਟੇ ਸਕੋਰ ਦਾ ਚੰਗੀ ਤਰ੍ਹਾਂ ਬਚਾਅ ਕੀਤਾ।

ਪਲੇਆਫ ਵਿਚ ਪੁੱਜਣ ਲਈ ਹਾਲਾਂਕਿ ਕਿੰਗਜ਼ ਇਲੈਵਨ ਨੂੰ ਆਪਣੇ ਬਾਕੀ ਬਚੇ ਤਿੰਨ ਮੈਚ ਜਿੱਤਣੇ ਪੈਣਗੇ। ਗੇਂਦਬਾਜ਼ੀ ਕਿੰਗਜ਼ ਇਲੈਵਨ ਦਾ ਕਮਜ਼ੋਰ ਪੱਖ ਰਿਹਾ ਸੀ। ਮੁਹੰਮਦ ਸ਼ਮੀ ਤੇ ਰਵੀ ਬਿਸ਼ਨੋਈ ਨੂੰ ਛੱਡ ਕੇ ਉਸ ਦਾ ਕੋਈ ਵੀ ਗੇਂਦਬਾਜ਼, ਖ਼ਾਸ ਕਰ ਕੇ ਡੈੱਥ ਓਵਰਾਂ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ ਪਰ ਸ਼ਨਿਚਰਵਾਰ ਨੂੰ ਜਦ ਬੱਲੇਬਾਜ਼ ਨਾਕਾਮ ਰਹੇ ਤਦ ਗੇਂਦਬਾਜ਼ਾਂ ਨੇ ਬਿਹਤਰੀਨ ਖੇਡ ਦਿਖਾਈ ਤੇ ਉਨ੍ਹਾਂ ਨੇ ਆਖ਼ਰੀ ਦੋ ਓਵਰਾਂ ਵਿਚ ਪੰਜ ਵਿਕਟਾਂ ਲੈ ਕੇ 126 ਦੌੜਾਂ ਦਾ ਬਚਾਅ ਕੀਤਾ। ਪੰਜਾਬ ਕੋਲ ਕਪਤਾਨ ਕੇਐੱਲ ਰਾਹੁਲ ਤੇ ਮਯੰਕ ਅਗਰਵਾਲ ਦੇ ਰੂਪ ਵਿਚ ਦੋ ਚੰਗੀ ਲੈਅ ਵਿਚ ਚੱਲਣ ਵਾਲੇ ਬੱਲੇਬਾਜ਼ ਵੀ ਹਨ।