ਲਖਨਊ (ਜੇਐੱਨਐੱਨ) : ਅਟਲ ਬਿਹਾਰੀ ਵਾਜਪਾਈ ਇਕਾਨਾ ਸਟੇਡੀਅਮ ਵਿਚ ਇਕ ਵਾਰ ਮੁੜ ਟਾਸ ਦੀ ਭੂਮਿਕਾ ਅਹਿਮ ਰਹੀ। ਐਤਵਾਰ ਨੂੰ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦੇ ਚੌਥੇ ਅਹਿਮ ਮੁਕਾਬਲੇ ਵਿਚ ਟਾਸ ਹਾਰ ਕੇ ਪਹਿਲਾਂ ਖੇਡਣ ਉਤਰੀ ਟੀਮ ਇੰਡੀਆ ਨੇ ਪੂਨਮ ਰਾਉਤ (ਅਜੇਤੂ 104) ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਤੈਅ 50 ਓਵਰਾਂ ਵਿਚ ਚਾਰ ਵਿਕਟਾਂ 'ਤੇ 266 ਦੌੜਾਂ ਬਣਾਈਆਂ। ਹਾਲਾਂਕਿ ਇਸ ਸਪਾਟ ਪਿੱਚ 'ਤੇ ਇਹ ਸਕੋਰ ਵੀ ਨਾਕਾਫੀ ਰਿਹਾ ਤੇ ਦੱਖਣੀ ਅਫਰੀਕਾ ਨੇ 48.4 ਓਵਰਾਂ ਵਿਚ ਸਿਰਫ਼ ਤਿੰਨ ਵਿਕਟਾਂ 'ਤੇ 269 ਦੌੜਾਂ ਬਣਾ ਕੇ ਸੱਤ ਵਿਕਟਾਂ ਨਾਲ ਮੈਚ ਆਪਣੇ ਨਾਂ ਕਰਦੇ ਹੋਏ ਵਨ ਡੇ ਇਤਿਹਾਸ ਵਿਚ ਆਪਣਾ ਸਭ ਤੋਂ ਵੱਡਾ ਟੀਚਾ ਹਾਸਲ ਕੀਤਾ ਤੇ ਸੀਰੀਜ਼ ਵਿਚ 3-1 ਦੀ ਅਜੇਤੂ ਬੜ੍ਹਤ ਬਣਾ ਲਈ।

267 ਦੌੜਾਂ ਦੇ ਚੁਣੌਤੀਪੂਰਨ ਟੀਚੇ ਦਾ ਪਿੱਛਾ ਕਰਨ ਉਤਰੀ ਮਹਿਮਾਨ ਟੀਮ ਨੇ ਇਕ ਵਾਰ ਮੁੜ ਧਮਾਕੇਦਾਰ ਸ਼ੁਰੂਆਤ ਕੀਤੀ। ਪਿਛਲੇ ਮੈਚ ਵਿਚ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡਣ ਵਾਲੀ ਲਿਜੇਲ ਲੀ (69) ਨੇ ਕਪਤਾਨ ਲਾਰਾ ਵੋਲਵਾਰਟ (53) ਦੇ ਨਾਲ ਪਹਿਲੀ ਵਿਕਟ ਲਈ 116 ਦੌੜਾਂ ਜੋੜ ਕੇ ਦੱਖਣੀ ਅਫਰੀਕਾ ਦੀ ਜਿੱਤ ਦੀ ਨੀਂਹ ਰੱਖ ਦਿੱਤੀ। ਲੀ ਨੂੰ ਹਰਮਨਪ੍ਰਰੀਤ ਕੌਰ ਨੇ ਲੱਤ ਅੜਿੱਕਾ ਆਊਟ ਕੀਤਾ ਤੇ ਲਾਰਾ ਜੋਸ਼ੀ ਦੀ ਗੇਂਦ 'ਤੇ ਵਿਕਟਾਂ ਦੇ ਪਿੱਛੇ ਫੜੀ ਗਈ। ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਲਾਰਾ ਗੁਡਾਲ (ਅਜੇਤੂ 59) ਤੇ ਡੂ ਪ੍ਰਰੀਜ (61) ਨੇ ਸ਼ਾਨਦਾਰ ਅਰਧ ਸੈਂਕੜੇ ਲਾ ਕੇ ਟੀਮ ਨੂੰ ਇਤਿਹਾਸਕ ਜਿੱਤ ਦਿਵਾ ਦਿੱਤੀ। ਇਸ ਅਹਿਮ ਮੈਚ ਵਿਚ ਜ਼ਖ਼ਮੀ ਝੂਲਨ ਗੋਸਵਾਮੀ ਦੀ ਕਮੀ ਸਾਫ਼ ਦਿਖਾਈ ਦਿੱਤੀ। ਭਾਰਤ ਲਈ ਮਾਨਸੀ ਜੋਸ਼ੀ, ਰਾਜੇਸ਼ਵਰੀ ਗਾਇਕਵਾੜ ਤੇ ਹਰਮਨਪ੍ਰਰੀਤ ਕੌਰ ਨੇ ਇਕ-ਇਕ ਵਿਕਟ ਹਾਸਲ ਕੀਤਾ।

ਡੂ ਪ੍ਰਰੀਜ ਪਲੇਅਰ ਆਫ ਦ ਮੈਚ ਬਣੀ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਕਾਰਜਕਾਰੀ ਕਪਤਾਨ ਲਾਰਾ ਵੋਲਵਾਰਟ ਨੇ ਟਾਸ ਜਿੱਤ ਕੇ ਮੇਜ਼ਬਾਨ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਿਛਲੇ ਤਿੰਨਾਂ ਮੈਚਾਂ ਵਿਚ ਬੱਲੇ ਨਾਲ ਕੋਈ ਕਮਾਲ ਨਹੀਂ ਕਰ ਸਕੀ ਸਲਾਮੀ ਬੱਲੇਬਾਜ਼ ਜੇਮੀਮਾ ਰਾਡਰਿਗਜ਼ ਦੀ ਥਾਂ ਇਸ ਮੈਚ ਵਿਚ ਪਿ੍ਰਆ ਪੂਨੀਆ ਨੂੰ ਆਖ਼ਰੀ ਇਲੈਵਨ ਵਿਚ ਸ਼ਾਮਲ ਕੀਤਾ ਗਿਆ। ਭਾਰਤੀ ਟੀਮ ਨੂੰ ਪਹਿਲਾ ਝਟਕਾ ਸਮਿ੍ਤੀ ਮੰਧਾਨਾ (10) ਦੇ ਰੂਪ ਵਿਚ ਲੱਗਾ। 17 ਦੌੜਾਂ ਦੇ ਕੁੱਲ ਸਕੋਰ 'ਤੇ ਮੰਧਾਨਾ ਇਸਮਾਇਲ ਦੀ ਗੇਂਦ 'ਤੇ ਲੀ ਦੇ ਹੱਥੋਂ ਕੈਚ ਆਊਟ ਹੋਈ। ਉਥੇ ਪਿ੍ਰਆ (32) ਨੇ ਵਧੀਆ ਬੱਲੇਬਾਜ਼ੀ ਕੀਤੀ ਪਰ ਉਹ ਲੰਬੀ ਪਾਰੀ ਖੇਡਣ ਵਿਚ ਨਾਕਾਮ ਰਹੀ। ਨੋਂਡੂਮੀਸੋ ਸਾਂਗੇਜ ਦੀ ਉਛਾਲ ਲੈਂਦੀ ਗੇਂਦ 'ਤੇ ਪਿ੍ਰਆ ਆਪਣਾ ਸੰਤੁਲਨ ਗੁਆ ਬੈਠੀ ਤੇ ਖਾਕਾ ਨੇ ਉਨ੍ਹਾਂ ਦਾ ਸ਼ਾਨਦਾਰ ਕੈਚ ਲੈ ਕੇ ਮੇਜ਼ਬਾਨ ਟੀਮ ਨੂੰ ਤਗੜਾ ਝਟਕਾ ਦਿੱਤਾ।

ਹਾਲਾਂਕਿ ਇਸ ਤੋਂ ਬਾਅਦ ਟੀਮ ਦੀ ਦਿੱਗਜ ਬੱਲੇਬਾਜ਼ ਪੂਨਮ ਰਾਉਤ (ਅਜੇਤੂ 104) ਨੇ ਕਪਤਾਨ ਮਿਤਾਲੀ ਰਾਜ (45) ਨਾਲ ਮਿਲ ਕੇ ਤੀਜੀ ਵਿਕਟ ਲਈ 103 ਦੌੜਾਂ ਦੀ ਬਿਹਤਰੀਨ ਭਾਈਵਾਲੀ ਕਰ ਕੇ ਮੈਚ ਵਿਚ ਟੀਮ ਇੰਡੀਆ ਦੀ ਵਾਪਸੀ ਕਰਵਾਈ। ਧੀਮੀ ਸ਼ੁਰੂਆਤ ਤੋਂ ਬਾਅਦ ਪੂਨਮ ਨੇ ਪਹਿਲਾਂ ਅਰਧ ਸੈਂਕੜਾ ਤੇ ਫਿਰ 119 ਗੇਂਦਾਂ 'ਤੇ ਆਪਣੇ ਕਰੀਅਰ ਦਾ ਤੀਜਾ ਸੈਂਕੜਾ ਲਾ ਕੇ ਮੇਜ਼ਬਾਨ ਟੀਮ ਨੂੰ ਚੁਣੌਤੀਪੂਰਨ ਸਕੋਰ ਤਕ ਪਹੁੰਚਾਇਆ। ਉਨ੍ਹਾਂ ਨੇ ਆਪਣੀ ਸੈਂਕੜੇ ਵਾਲੀ ਪਾਰੀ ਵਿਚ 123 ਗੇਂਦਾਂ ਦਾ ਸਾਹਮਣਾ ਕੀਤਾ ਤੇ 10 ਚੌਕੇ ਲਾਏ। ਇਸ ਤੋਂ ਇਲਾਵਾ ਉੱਪ ਕਪਤਾਨ ਹਰਮਨਪ੍ਰਰੀਤ ਕੌਰ ਨੇ ਕ੍ਰੀਜ਼ 'ਤੇ ਆਉਂਦੇ ਹੀ ਚੌਕੇ ਨਾਲ ਆਪਣਾ ਖ਼ਾਤਾ ਖੋਲਿ੍ਹਆ। ਉਨ੍ਹਾਂ ਨੇ ਫਿਰ 35 ਗੇਂਦਾਂ 'ਤੇ ਸੱਤ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ ਆਪਣਾ 19ਵਾਂ ਅਰਧ ਸੈਂਕੜਾ ਪੂਰਾ ਕੀਤਾ।

ਮਿਤਾਲੀ ਦੀਆਂ 7000 ਦੌਡਾਂ ਤੇ ਇਸਮਾਇਲ ਦੀਆਂ 150 ਵਿਕਟਾਂ

ਭਾਰਤੀ ਕਪਤਾਨ ਮਿਤਾਲੀ ਰਾਜ ਦੇ ਨਾਂ ਇਕ ਹੋਰ ਉਪਲੱਬਧੀ ਜੁੜ ਗਈ। ਚੌਥੇ ਵਨ ਡੇ ਵਿਚ 26ਵੀਂ ਦੌੜ ਬਣਾਉਂਦੇ ਹੀ ਉਨ੍ਹਾਂ ਨੇ ਵਨ ਡੇ ਕਰੀਅਰ ਵਿਚ ਆਪਣੀਆਂ 7000 ਦੌੜਾਂ ਵੀ ਪੂਰੀਆਂ ਕਰ ਲਈਆਂ। ਅਜਿਹਾ ਕਰਨ ਵਾਲੀ ਉਹ ਦੁਨੀਆ ਦੀ ਪਹਿਲੀ ਮਹਿਲਾ ਖਿਡਾਰਨ ਹੈ। ਮਿਤਾਲੀ ਹੁਣ ਤਕ ਕੁੱਲ 213 ਵਨ ਡੇ ਵਿਚ 7019 ਦੌੜਾਂ ਬਣਾ ਚੁਕੀ ਹੈ। ਉਨ੍ਹਾਂ ਤੋਂ ਬਾਅਦ ਚਾਰਲੋਟ ਐਡਵਰਡਜ਼ ਹਨ ਜਿਨ੍ਹਾਂ ਦੇ ਨਾਂ ਵਨ ਡੇ ਕਰੀਅਰ ਵਿਚ ਕੁੱਲ 5992 ਦੌੜਾਂ ਹਨ। ਹਾਲਾਂਕਿ ਐਡਵਰਡਜ਼ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਚੁੱਕੀ ਹੈ। ਓਧਰ ਦੱਖਣੀ ਅਫਰੀਕਾ ਦੀ ਤੇਜ਼ ਗੇਂਦਬਾਜ਼ ਸ਼ਬਨਿਮ ਇਸਮਾਇਲ ਨੇ ਵਨ ਡੇ ਕਰੀਅਰ ਵਿਚ ਆਪਣੀਆਂ 150 ਵਿਕਟਾਂ ਪੂਰੀਆਂ ਕਰ ਲਈਆਂ। ਅਜਿਹਾ ਕਰਨ ਵਾਲੀ ਉਹ ਦੁਨੀਆ ਦੀ ਦੁਜੀ ਗੇਂਦਬਾਜ਼ ਹੈ। ਇਸਮਾਇਲ ਤੋਂ ਪਹਿਲਾਂ ਇਹ ਉਪਲੱਬਧੀ ਆਸਟ੍ਰੇਲੀਆ ਦੀ ਕੈਥਰਿਨ ਫਿੱਟਸ ਦੇ ਨਾਂ ਹੈ।

Posted By: Seema Anand