ਨਵੀਂ ਦਿੱਲੀ (ਪੀਟੀਆਈ) : ਜਰਮਨੀ ਦੀ ਖੇਡ ਸਾਮਾਨ ਤੇ ਫੁੱਟਵੀਅਰ ਨਿਰਮਾਤਾ ਕੰਪਨੀ ਪਿਊਮਾ ਭਾਰਤੀ ਕ੍ਰਿਕਟ ਟੀਮ ਦੇ ਕਿਟ ਸਪਾਂਸਰ ਅਧਿਕਾਰ ਖ਼ਰੀਦਣ ਦੀ ਦੌੜ ਵਿਚ ਸਭ ਤੋਂ ਅੱਗੇ ਹੈ ਜਦਕਿ ਉਸ ਦੀ ਵਿਰੋਧੀ ਕੰਪਨੀ ਏਡੀਡਾਸ ਵੀ ਦੌੜ ਵਿਚ ਸ਼ਾਮਲ ਹੋ ਸਕਦੀ ਹੈ। ਇਸ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਨਾਇਕੀ ਦੁਬਾਰਾ ਬੋਲੀ ਲਾਏਗੀ ਜਾਂ ਨਹੀਂ। ਉਹ ਬੀਸੀਸੀਆਈ ਦੀ ਘੱਟ ਬੋਲੀ ਲਾਉਣ ਦੀ ਪੇਸ਼ਕਸ਼ ਠੁਕਰਾ ਚੁੱਕੀ ਹੈ। ਨਾਇਕੀ ਨੇ 2016 ਤੋਂ 2020 ਲਈ 370 ਕਰੋੜ ਰੁਪਏ ਦਿੱਤੇ ਸਨ। ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੈਂ ਇਸ ਦੀ ਪੁਸ਼ਟੀ ਕਰਦਾ ਹਾਂ ਕਿ ਪਿਊਮਾ ਨੇ ਆਈਟੀਟੀ (ਇਨਵੀਟੇਸ਼ਨ ਟੂ ਟੈਂਡਰ) ਦਸਤਾਵੇਜ਼ ਖ਼ਰੀਦੇ ਹਨ ਜਿਨ੍ਹਾਂ ਦੀ ਕੀਮਤ ਇਕ ਲੱਖ ਰੁਪਏ ਹੈ। ਇਸ ਨੂੰ ਖ਼ਰੀਦਣ ਦਾ ਮਤਲਬ ਹਾਲਾਂਕਿ ਇਹ ਨਹੀਂ ਹੈ ਕਿ ਉਹ ਬੋਲੀ ਲਾਉਣ ਹੀ ਜਾ ਰਹੇ ਹਨ। ਪਿਊਮਾ ਨੇ ਬੋਲੀ ਲਾਉਣ ਵਿਚ ਅਸਲੀ ਦਿਲਚਸਪੀ ਦਿਖਾਈ ਹੈ। ਸਮਿਝਆ ਜਾਂਦਾ ਹੈ ਕਿ ਏਡੀਡਾਸ ਨੇ ਵੀ ਇਸ ਵਿਚ ਦਿਲਚਸਪੀ ਜ਼ਾਹਰ ਕੀਤੀ ਹੈ ਪਰ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਸਪਾਂਸਰ ਅਧਿਕਾਰ ਲਈ ਬੋਲੀ ਲਾਏਗਾ ਜਾਂ ਨਹੀਂ। ਕੁਝ ਦਾ ਮੰਨਣਾ ਹੈ ਕਿ ਜਰਮਨ ਕੰਪਨੀ ਮਰਚੇਂਡਾਈਜ਼ ਉਤਪਾਦਾਂ ਲਈ ਸੁਤੰਤਰ ਤੌਰ 'ਤੇ ਬੋਲੀ ਲਾ ਸਕਦੀ ਹੈ ਜਿਸ ਲਈ ਵੱਖ ਟੈਂਡਰ ਹੋਵੇਗਾ। ਉਤਪਾਦਾਂ ਦੀ ਵਿਕਰੀ ਇਸ 'ਤੇ ਵੀ ਨਿਰਭਰ ਕਰਦੀ ਹੈ ਕਿ ਕੰਪਨੀ ਦੇ ਕਿੰਨੇ ਐਕਸਕਲੂਸਿਵ ਸਟੋਰ ਜਾਂ ਵਿਕਰੀ ਕੇਂਦਰ ਹਨ। ਪਿਊਮਾ ਦੇ 350 ਤੋਂ ਜ਼ਿਆਦਾ ਐਕਸਕਲੂਸਿਵ ਸਟੋਰ ਹਨ ਜਦਕਿ ਏਡੀਡਾਸ ਦੇ 450 ਤੋਂ ਜ਼ਿਆਦਾ ਆਊਟਲੈਟ ਹਨ। ਇਕ ਮਾਹਿਰ ਨੇ ਕਿਹਾ ਕਿ ਜੇ ਕੋਈ ਨਵੀਂ ਕੰਪਨੀ ਪੰਜ ਸਾਲ ਲਈ ਲਗਭਗ 200 ਕਰੋੜ ਰੁਪਏ ਦੀ ਬੋਲੀ ਲਾ ਕੇ ਅਧਿਕਾਰੀ ਖ਼ਰੀਦ ਲੈਂਦੀ ਹੈ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ। ਇਹ ਨਾਇਕੀ ਵੱਲੋਂ ਅਦਾ ਕੀਤੀ ਗਈ ਪਿਛਲੀ ਰਕਮ ਤੋਂ ਕਾਫੀ ਘੱਟ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਬੋਰਡ ਨੇ ਪਹਿਲਾਂ ਨਾਇਕੀ ਨੂੰ ਪੇਸ਼ਕਸ਼ ਕੀਤੀ ਜੋ ਉਸ ਨੇ ਠੁਕਰਾ ਦਿੱਤੀ। ਇਸ ਦੇ ਮਾਅਨੇ ਹਨ ਕਿ ਜਾਂ ਤਾਂ ਉਸ ਦੀ ਦਿਲਚਸਪੀ ਨਹੀਂ ਹੈ ਜਾਂ ਉਹ ਹੋਰ ਘੱਟ ਕੀਮਤ ਦੀ ਬੋਲੀ ਲਾਉਣਾ ਚਾਹੁੰਦਾ ਹੈ।

ਕੰਪਨੀ ਦੀ ਭਾਰਤੀ ਬਾਜ਼ਾਰ 'ਚ ਵਧੀ ਹੈ ਦਿਲਚਸਪੀ

ਪਿਊਮਾ ਦੀ ਪਿਛਲੇ ਕੁਝ ਸਾਲ ਵਿਚ ਭਾਰਤੀ ਬਾਜ਼ਾਰ ਵਿਚ ਦਿਲਚਸਪੀ ਵਧੀ ਹੈ, ਖ਼ਾਸ ਕਰ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਰਾਹੀਂ ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਸਟਾਰ ਬੱਲੇਬਾਜ਼ ਕੇਐੱਲ ਰਾਹੁਲ ਇਸ ਦੇ ਬਰਾਂਡ ਦੂਤ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਪਿਛਲੇ ਗੇੜ ਵਿਚ ਪ੍ਰਤੀ ਮੈਚ ਬੋਲੀ ਦੀ ਮੁੱਢਲੀ ਕੀਮਤ 88 ਲੱਖ ਰੁਪਏ ਰੱਖੀ ਸੀ ਜੋ ਘਟਾ ਕੇ 61 ਲੱਖ ਰੁਪਏ ਕਰ ਦਿੱਤੀ ਗਈ ਹੈ।