ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਅਗਲੇ ਵਰ੍ਹੇ 17 ਜਨਵਰੀ ਤੋਂ 9 ਫਰਵਰੀ ਤਕ ਦੱਖਣੀ ਅਫ਼ਰੀਕਾ 'ਚ ਹੋਣ ਵਾਲੇ ਆਈਸੀਸੀ ਅੰਡਰ-19 ਵਿਸ਼ਵ ਕੱਪ ਲਈ ਬੀਸੀਸੀਆਈ ਨੇ ਸੋਮਵਾਰ ਨੂੰ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। 'ਜਾਗਰਣ' ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਸ ਟੀਮ ਦੇ ਕਪਤਾਨ ਉੱਤਰ ਪ੍ਰਦੇਸ਼ ਦੇ ਪਿ੍ਅਮ ਗਰਗ ਤੇ ਉਪ ਕਪਤਾਨ ਧਰੁਵ ਚੰਦ ਜੁਰੇਲ ਹੋਣਗੇ।

ਇਸ ਨੌਜਵਾਨ ਟੀਮ 'ਚ ਕਿਸੇ ਦੇ ਪਿਤਾ ਡਰਾਈਵਰ ਹਨ ਤਾਂ ਕਿਸੇ ਦੀ ਮਾਂ ਕੰਡਕਟਰ। ਕਿਸੇ ਦੇ ਪਿਤਾ ਕਾਰਗਿਲ ਜੰਗ ਲੜ ਚੁੱਕੇ ਹਨ। ਯਸ਼ਸਵੀ ਤਾਂ ਖੁਦ ਹੀ ਗੋਲਗੱਪੇ ਵੇਚਦੇ ਸਨ। ਇਸ ਅਨੋਖੀ ਟੀਮ 'ਤੇ ਖਿਤਾਬ ਬਚਾਉਣ ਦੀ ਜ਼ਿੰਮੇਵਾਰੀ ਹੋਵੇਗੀ। ਭਾਰਤੀ ਟੀਮ ਇਸ ਵਿਸ਼ਵ ਕੱਪ ਨੂੰ ਸਭ ਤੋਂ ਜ਼ਿਆਦਾ ਚਾਰ ਵਾਰ ਜਿੱਤ ਚੁੱਕੀ ਹੈ। 2018 'ਚ ਨਿਊਜ਼ੀਲੈਂਡ 'ਚ ਹੋਏ ਵਿਸ਼ਵ ਕੱਪ 'ਚ ਭਾਰਤੀ ਟੀਮ ਨੇ ਪਿ੍ਰਥਵੀ ਸ਼ਾਅ ਦੀ ਅਗਵਾਈ 'ਚ ਖਿਤਾਬ ਜਿੱਤਿਆ ਸੀ।

ਹੁਣ ਪਿ੍ਅਮ ਗਰਗ ਦੀ ਟੀਮ 'ਤੇ ਇਸ ਖਿਤਾਬ ਨੂੰ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਹੋਵੇਗੀ। ਭਾਰਤੀ ਟੀਮ ਵਿਸ਼ਵ ਕੱਪ ਤੋਂ ਪਹਿਲਾਂ ਹੀ ਦੱਖਣੀ ਅਫਰੀਕਾ ਪੁੱਜ ਜਾਵੇਗੀ, ਜਿਥੇ ਉਹ ਮੇਜ਼ਬਾਨ ਟੀਮ ਖ਼ਿਲਾਫ਼ ਤਿੰਨ ਵਨ ਡੇਅ ਦੀ ਸੀਰੀਜ਼ ਖੇਡੇਗੀ। ਇਸ ਤੋਂ ਬਾਅਦ ਭਾਰਤੀ ਟੀਮ ਉਥੇ ਦੱਖਣੀ ਅਫਰੀਕਾ, ਜ਼ਿੰਬਾਬਾਵੇ ਤੇ ਨਿਊਜ਼ੀਲੈਂਡ ਨਾਲ ਚਿਕੋਣੀ ਵਨ ਡੇਅ ਸੀਰੀਜ਼ 'ਚ ਖੇਡੇਗੀ। ਇਨ੍ਹਾਂ ਦੋਵੇਂ ਸੀਰੀਜ਼ ਲਈ ਹੈਦਰਾਬਾਦ ਦੀ ਸੀਟੀਐੱਲ ਲਕਸ਼ਣ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

ਪਿ੍ਅਮ ਗਰਗ (ਕਪਤਾਨ) : ਸੱਜੇ ਹੱਥ ਦੇ ਬੱਲੇਬਾਜ਼ ਪਿ੍ਅਮ ਦੇ ਪਿਤਾ ਨਰੇਸ਼ ਸਾਈਕਲ 'ਤੇ ਦੁੱਧ ਵੇਚ ਕੇ ਪੁੱਤਰ ਦੀ ਖੇਡ ਲਈ ਪੈਸਿਆਂ ਦਾ ਇੰਤਜ਼ਾਮ ਕਰਦੇ ਸਨ। ਹੁਣ ਉਹ ਸਿਹਤ ਵਿਭਾਗ 'ਚ ਡਰਾਈਵਰ ਹਨ। ਪਿ੍ਅਮ ਦੇ ਨਾਂ 'ਤੇ ਪਹਿਲੀ ਸ਼੍ਰੇਣੀ ਕ੍ਰਿਕਟ 'ਚ ਦੋਹਰਾ ਸੈਂਕੜਾ ਤੇ ਲਿਸਟ-ਏ 'ਚ ਸੈਂਕੜਾ ਦਰਜ ਹੈ। ਗਰਗ ਭਾਰਤੀ ਟੀਮ ਦਾ ਹਿੱਸਾ ਸਨ ਜੋ ਪਿਛਲੇ ਮਹੀਨੇ ਦੇਬਧਰ ਟਰਾਫੀ 'ਚ ਉਪ ਜੇਤੂ ਰਹੀ। ਉਨ੍ਹਾਂ ਨੇ ਫਾਈਨਲ 'ਚ ਭਾਰਤੀ-ਬੀ ਖ਼ਿਲਾਫ਼ 74 ਦੌੜਾਂ ਦੀ ਪਾਰੀ ਖੇਡੀ। ਰਣਜੀ ਟਰਾਫੀ ਸੈਸ਼ਨ 2018-19 'ਚ ਗਰਗ ਉੱਤਰ ਪ੍ਰਦੇਸ਼ ਦੇ ਦੂਜੇ ਸਿਖਰਲੇ ਸਕੋਰਰ ਰਹੇ। ਉਨ੍ਹਾਂ ਨੇ 67.83 ਦੀ ਔਸਤ ਨਾਲ 814 ਦੌੜਾਂ ਬਣਾਈਆਂ ਜਿਸ 'ਚ ਕਰੀਅਰ ਦੀ ਸਰਬੋਤਮ 206 ਦੌੜਾਂ ਦੀ ਪਾਰੀ ਸਮੇਤ ਦੋ ਸੈਂਕੜੇ ਸ਼ਾਮਲ ਰਹੇ। ਪਿ੍ਅਮ ਗਰਗ ਮੇਰਠ ਦੇ ਰਹਿਣ ਵਾਲੇ ਹਨ। ਗ਼ਰੀਬੀ ਦੀ ਵਜ੍ਹਾ ਨਾਲ ਉਨ੍ਹਾਂ ਦੇ ਪਿਤਾ ਕ੍ਰਿਕਟ ਖੇਡਣ ਤੋਂ ਨਾਂਹ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੇ ਮਾਮੇ ਨੇ ਉਨ੍ਹਾਂ ਨੂੰ ਮੇਰਠ ਦੇ ਭਾਮਾਸ਼ਾਹ ਪਾਰਕ ਕ੍ਰਿਕਟ ਅਕਾਦਮੀ 'ਚ ਕੋਚਿੰਗ ਦਿਵਾਈ।

ਯਸ਼ਸਵੀ ਜੈਸਵਾਲ : 17 ਸਾਲ ਦੇ ਯਸ਼ਸਵੀ ਇਸ ਸਾਲ ਵਿਜੇ ਹਜ਼ਾਰੇ ਟਰਾਫੀ ਦੌਰਾਨ ਮੁੰਬਈ ਵੱਲੋਂ ਖੇਡਣ ਹੋਏ ਲਿਸਟ-ਏ ਕ੍ਰਿਕਟ 'ਚ ਦੋਹਰਾ ਸੈਂਕੜਾ ਮਾਰਨ ਵਾਲੇ ਸਭ ਤੋਂ ਨੌਜਵਾਨ ਬੱਲੇਬਾਜ਼ ਬਣੇ ਸਨ। ਉਨ੍ਹਾਂ ਨੇ ਸੈਸ਼ਨ 'ਚ ਤਿੰਨ ਸੈਂਕੜਿਆਂ ਤੇ ਇਕ ਅਰਧ ਸੈਂਕੜੇ ਨਾਲ 112.80 ਦੀ ਔਸਤ ਨਾਲ ਦੌੜਾਂ ਬਣਾਈਆਂ। ਉਨ੍ਹਾਂ ਨੂੰ ਬਚਪਨ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਦੇ ਪਿਤਾ ਭੁਪਿੰਦਰ ਕੁਮਾਰ ਉੱਤਰ ਪ੍ਰਦੇਸ਼ ਦੇ ਭਦੋਹੀ 'ਚ ਪ੍ਰਚੂਨ ਦੀ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ। ਯਸ਼ਸਵੀ ਇਕ ਮੈਚ ਖੇਡਣ ਲਈ ਇਕੱਲੇ ਹੀ ਮੁੰਬਈ ਪੁੱਜ ਗਏ ਤੇ ਉਥੇ ਕੋਚ ਜਵਾਲਾ ਸਿੰਘ ਨੇ ਉਸ ਨੂੰ ਤਰਾਸ਼ਿਆ। ਇਸ ਦੌਰਾਨ ਯਸ਼ਸਵੀ ਨੂੰ ਗੋਲਗੱਪੇ ਵੇਚ ਕੇ ਆਪਣਾ ਪਾਲਣ ਪੋਸ਼ਣ ਕਰਨਾ ਪਿਆ। ਤਿੰਨ ਸਾਲ ਤਕ ਯਸ਼ਸਵੀ ਇਕ ਟੈਂਟ 'ਚ ਰਹੇ।

ਅਥਰਵ ਅੰਕੋਲੈਕਰ : ਅਥਰਵ ਮਹਾਰਾਸ਼ਟਰ ਦੇ ਰਹਿਣ ਵਾਲੇ ਹਨ ਤੇ ਖੱਬੇ ਹੱਥ ਦੇ ਸਪਿਨਰ ਹਨ। ਉਨ੍ਹਾਂ ਦੀ ਮਾਂ ਮੁੰਬਈ 'ਚ ਸਰਕਾਰੀ ਬੱਸ 'ਚ ਕੰਡਕਟਰ ਹੈ। ਉਨ੍ਹਾਂ ਦੀ ਕਮਾਈ ਨਾਲ ਘਰ ਦਾ ਖ਼ਰਚਾ ਚਲਦਾ ਹੈ। ਅਥਰਵ ਦੇ ਪਿਤਾ ਵਿਨੋਦ ਦਾ ਨੌਂ ਸਾਲ ਪਹਿਲਾਂ 2010 'ਚ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਮਾਂ ਵੈਦੇਹੀ ਨੇ ਹੀ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ। ਪਿਛਲੇ ਮਹੀਨੇ ਜਦੋਂ ਅਥਰਵ ਨੂੰ ਭਾਰਤੀ ਟੀਮ 'ਚ ਚੁਣਿਆ ਗਿਆ ਸੀ ਉਦੋਂ ਉਨ੍ਹਾਂ ਦੀ ਮਾਂ ਕੋਲ ਕਰੀਬ 40000 ਵਧਾਈ ਸੁਨੇਹੇ ਆਏ ਸਨ। 18 ਸਾਲ ਦਾ ਅਥਰਵ ਮੁੰਬਈ ਦੇ ਰਿਜ਼ਵੀ ਕਾਲਜ 'ਚ ਦੂਜੇ ਵਰ੍ਹੇ ਦਾ ਵਿਦਿਆਰਥੀ ਹੈ। ਨੌਂ ਸਾਲ ਪਹਿਲਾਂ ਇਕ ਅਭਿਆਸ ਮੈਚ 'ਚ ਉਨ੍ਹਾਂ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਆਊਟ ਕਰ ਦਿੱਤਾ ਸੀ।

ਧਰੁਵ ਜੁਰੇਲ : ਉੱਤਰ ਪ੍ਰਦੇਸ਼ ਦੇ ਆਗਰਾ ਦੇ ਰਹਿਣ ਵਾਲੇ ਜੁਰੇਲ ਵਿਕਟਕੀਪਰ ਹਨ ਤੇ ਉਨ੍ਹਾਂ ਦੇ ਪਿਤਾ ਨੇਮ ਸਿੰਘ ਜੁਰੇਲ 1999 'ਚ ਕਾਰਗਿਲ ਜੰਗ ਲੜ ਚੁੱਕੇ ਹਨ। ਪਿਤਾ ਉਨ੍ਹਾਂ ਨੂੰ ਫ਼ੌਜੀ ਹੀ ਬਣਾਉਣਾ ਚਾਹੁੰਦੇ ਸਨ ਪਰ ਧਰੁਵ ਨੇ ਕ੍ਰਿਕਟ ਨੂੰ ਚੁਣਿਆ। ਉਨ੍ਹਾਂ ਨੇ ਇਸੇ ਸਾਲ ਇੰਗਲੈਂਡ ਦੌਰੇ 'ਤੇ ਤਿ੍ਕੋਣੀ ਸੀਰੀਜ਼ 'ਚ ਟੀਮ ਇੰਡੀਆ ਨੂੰ ਜਿਤਾਉਣ 'ਚ ਅਹਿਮ ਰੋਲ ਨਿਭਾਇਆ ਸੀ। ਨਾਲ ਹੀ ਅੰਡਰ-19 ਏਸ਼ੀਆ ਕੱਪ ਲਈ ਉਨ੍ਹਾਂ ਨੂੰ ਕਪਤਾਨੀ ਦਿੱਤੀ ਗਈ ਸੀ।

ਆਕਾਸ਼ ਸਿੰਘ : ਰਾਜਸਥਾਨ ਦੇ ਭਰਤਪੁਰ ਦੇ ਰਹਿਣ ਵਾਲੇ ਆਕਾਸ਼ ਸਿੰਘ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਹਨ ਤੇ ਇਸੇ ਸਾਲ ਸ੍ਰੀਲੰਕਾ 'ਚ ਹੋਏ ਅੰਡਰ-19 ਏਸ਼ੀਆ ਕੱਪ 'ਚ ਉਨ੍ਹਾਂ ਨੇ ਜ਼ਬਰਦਸਤ ਗੇਂਦਬਾਜ਼ੀ ਕੀਤੀ ਸੀ। ਉਨ੍ਹਾਂ ਦੇ ਪਿਤਾ ਮਹਾਰਾਜ ਸਿੰਘ ਖੇਤੀ ਕਰਦੇ ਹਨ ਤੇ ਮਾਂ ਘਰ ਦਾ ਕੰਮਕਾਜ ਦੇਖਦੀ ਹੈ। ਆਕਾਸ਼ ਹਾਲੇ 11ਵੀਂ ਜਮਾਤ 'ਚ ਪੜ੍ਹਦੇ ਹਨ। ਉਨ੍ਹਾਂ ਨੇ ਪਿਛਲੇ ਮਹੀਨੇ ਤਾਮਿਲਨਾਡੂ ਖ਼ਿਲਾਫ਼ ਸਈਅਦ ਮੁਸ਼ਤਾਕ ਅਲੀ ਟਰਾਫੀ ਰਾਹੀਂ ਟੀ-20 'ਚ ਮੈਦਾਨ 'ਚ ਉਤਾਰਿਆ ਗਿਆ ਸੀ।

16 ਟੀਮਾਂ ਲੈਣਗੀਆਂ ਹਿੱਸਾ

ਅੰਡਰ-19 ਵਿਸ਼ਵ ਕੱਪ 'ਚ ਇਸ 13ਵੇਂ ਐਡੀਸ਼ਨ 'ਚ 16 ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਨੂੰ ਚਾਰ ਗਰੁੱਪ 'ਚ ਵੰਡਿਆ ਗਿਆ ਸੀ। ਹਰ ਗਰੁੱਪ 'ਚ ਸਿਖਰਲੀਆਂ ਦੋ ਟੀਮਾਂ ਸੁਪਰ ਲੀਗ ਸਟੇਜ ਲਈ ਕੁਆਲੀਫਾਈ ਕਰਨਗੀਆਂ। ਭਾਰਤੀ ਟੀਮ ਨੂੰ ਗਰੁੱਪ-ਏ 'ਚ ਨਿਊਜ਼ੀਲੈਂਡ, ਸ੍ਰੀਲੰਕਾ ਤੇ ਜਾਪਾਨ ਨਾਲ ਰੱਖਿਆ ਗਿਆ ਹੈ।

ਭਾਰਤੀ ਅੰਡਰ-19 ਟੀਮ ਪਿ੍ਅਮ ਗਰਗ (ਕਪਤਾਨ), ਯਸ਼ਸਵੀ ਜੈਸਵਾਲ, ਤਿਲਕ ਵਰਮਾ, ਦਿਵਿਆਂਸ ਸਕਸੈਨਾ, ਧਰੁਵ ਚੰਦ ਜੁਰੇਲ (ਉਪ-ਕਪਤਾਨ/ਵਿਕਟਕੀਪਰ), ਸ਼ਾਸਵਤ ਰਾਵਤ, ਦਿਵਿਆਂਸ਼ ਜੋਸ਼ੀ, ਸੁਭਾਂਗ ਹੇਗੜੇ, ਰਵੀ ਬਿਸ਼ਨੋਈ, ਆਕਾਸ਼ ਸਿੰਘ, ਕਾਰਤਿਕ ਤਿਆਗੀ, ਅਥਰਵ ਅੰਕੋਲੈਕਰ, ਕੁਮਾਰ ਕੁਸ਼ਿਆਗਰ (ਵਿਕਟਕੀਪਰ), ਸੁਸ਼ਾਂਤ ਮਿਸ਼ਰਾ, ਵਿਦਿਆਧਰ ਪਾਟਿਲ।