ਪੋਚੇਫਸਟਰੂਮ (ਪੀਟੀਆਈ) : ਭਾਰਤੀ ਕਪਤਾਨ ਪਿ੍ਅਮ ਗਰਗ ਨੇ ਕਿਹਾ ਹੈ ਕਿ ਪਹਿਲਾ ਅੰਡਰ-19 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਬੰਗਲਾਦੇਸ਼ ਦੇ ਖਿਡਾਰੀਆਂ ਦਾ ਵਤੀਰਾ 'ਭੱਦਾ' ਸੀ। ਭਾਰਤ ਨੂੰ ਐਤਵਾਰ ਨੂੰ ਫਾਈਨਲ ਵਿਚ ਹਰਾਉਣ ਤੋਂ ਬਾਅਦ ਕੁੰਝ ਬੰਗਲਾਦੇਸ਼ੀ ਕ੍ਰਿਕਟਰ ਜਸ਼ਨ ਮਨਾਉਂਦੇ ਸਮੇਂ ਆਪਣੀ ਹੱਦ ਟੱਪ ਗਏ। ਉਨ੍ਹਾਂ ਦੇ ਕਪਤਾਨ ਅਕਬਰ ਅਲੀ ਨੇ ਇਸ ਵਤੀਰੇ ਲਈ ਮਾਫ਼ੀ ਮੰਗੀ। ਭਾਰਤੀ ਕਪਤਾਨ ਗਰਗ ਨੇ ਕਿਹਾ ਕਿ ਅਜਿਹੀ ਘਟਨਾ ਨਹੀਂ ਹੋਣੀ ਚਾਹੀਦੀ ਸੀ।

ਗਰਗ ਨੇ ਕਿਹਾ ਕਿ ਅਸੀਂ ਸਹਿਜ ਸੀ। ਇਹ ਖੇਡ ਦਾ ਹਿੱਸਾ ਹੈ। ਕਦੀ ਤੁਸੀਂ ਜਿੱਤਦੇ ਹੋ ਤੇ ਕਦੀ ਹਾਰਦੇ ਹੋਏ। ਉਨ੍ਹਾਂ ਦੀ ਪ੍ਰਤੀਕਿਰਿਆ 'ਭੱਦੀ' ਸੀ। ਅਜਿਹਾ ਨਹੀਂ ਹੋਣਾ ਚਾਹੀਦਾ ਸੀ ਪਰ ਠੀਕ ਹੈ, ਚੱਲਦਾ ਹੈ। ਮੈਚ ਦੌਰਾਨ ਵੀ ਬੰਗਲਾਦੇਸ਼ੀ ਖਿਡਾਰੀ ਕਾਫੀ ਹਮਲਾਵਰ ਸਨ। ਉਨ੍ਹਾਂ ਦੇ ਤੇਜ਼ ਗੇਂਦਬਾਦ ਸ਼ੋਰਿਫੁਲ ਇਸਲਾਮ ਨੇ ਹਰ ਗੇਂਦ 'ਤੇ ਭਾਰਤੀ ਬੱਲੇਬਾਜ਼ਾਂ ਨਾਲ ਸਲੇਜਿੰਗ ਕੀਤੀ। ਜੇਤੂ ਦੌੜਾਂ ਲੈਣ ਤੋਂ ਬਾਅਦ ਵੀ ਉਨ੍ਹਾਂ ਦਾ ਵਤੀਰਾ ਅਜਿਹਾ ਹੀ ਸੀ। ਬੰਗਲਾਦੇਸ਼ੀ ਕਪਤਾਨ ਨੇ ਕਿਹਾ ਕਿ ਜੋ ਹੋਇਆ, ਉਹ ਨਹੀਂ ਹੋਣਾ ਚਾਹੀਦਾ ਸੀ। ਮੈਨੂੰ ਨਹੀਂ ਪਤਾ ਕਿ ਅਸਲ ਵਿਚ ਕੀ ਹੋਇਆ।

ਫਾਈਨਲ ਵਿਚ ਖਿਡਾਰੀ ਜਜ਼ਬਾਤੀ ਹੋ ਗਏ ਸਨ ਤੇ ਕਈ ਵਾਰ ਖਿਡਾਰੀਆਂ ਦਾ ਆਪਣੇ ਆਪ 'ਤੇ ਕਾਬੂ ਨਹੀਂ ਰਹਿੰਦਾ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ। ਸਾਨੂੰ ਵਿਰੋਧੀ ਦਾ ਸਨਮਾਨ ਕਰਨਾ ਚਾਹੀਦਾ ਹੈ, ਖੇਡ ਦਾ ਸਨਮਾਨ ਕਰਨਾ ਚਾਹੀਦਾ ਹੈ। ਕ੍ਰਿਕਟ ਜੈਂਟਲਮੈਨ ਗੇਮ ਹੈ। ਮੈਂ ਆਪਣੀ ਟੀਮ ਵੱਲੋਂ ਮਾਫ਼ੀ ਮੰਗਦਾ ਹਾਂ। ਭਾਰਤ ਨੇ ਪਿਛਲੇ ਸਾਲ ਏਸ਼ੀਆ ਕੱਪ ਦੇ ਫਾਈਨਲ ਤੇ ਤਿਕੋਣੀ ਸੀਰੀਜ਼ ਦੇ ਫਾਈਨਲ ਵਿਚ ਬੰਗਲਾਦੇਸ਼ ਨੂੰ ਹਰਾਇਆ ਸੀ। ਅਲੀ ਨੇ ਕਿਹਾ ਕਿ ਭਾਰਤ-ਬੰਗਲਾਦੇਸ਼ ਮੁਕਾਬਲਾ ਅਜਿਹਾ ਹੀ ਹੈ। ਅਸੀਂ ਏਸ਼ੀਆ ਕੱਪ ਵਿਚ ਉਨ੍ਹਾਂ ਹੱਥੋਂ ਹਾਰੇ ਸੀ ਤੇ ਮੈਨੂੰ ਲਗਦਾ ਹੈ ਕਿ ਕਿਤੇ ਬਦਲੇ ਦੀ ਗੱਲ ਖਿਡਾਰੀਆਂ ਦੇ ਦਿਮਾਗ਼ ਵਿਚ ਸੀ। ਮੈਂ ਉਨ੍ਹਾਂ ਵੱਲੋਂ ਮਾਫ਼ੀ ਮੰਗਦਾ ਹਾਂ। ਭਾਰਤੀ ਟੀਮ ਮੈਨੇਜਮੈਂਟ ਦੇ ਇਕ ਕਰੀਬੀ ਸੂਤਰ ਨੇ ਦੱਸਿਆ ਕਿ ਮੈਚ ਕਾਫੀ ਤਣਾਅ ਵਿਚ ਖੇਡਿਆ ਗਿਆ ਪਰ ਮੈਚ ਤੋਂ ਬਾਅਦ ਜੋ ਹੋਇਆ ਉਸ ਵਿਚ ਭਾਰਤੀ ਖਿਡਾਰੀਆਂ ਦੀ ਕੋਈ ਗ਼ਲਤੀ ਨਹੀਂ ਸੀ।

ਆਈਸੀਸੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ

ਭਾਰਤੀ ਅੰਡਰ-19 ਕ੍ਰਿਕਟ ਟੀਮ ਦੇ ਮੈਨੇਜਰ ਅਨਿਲ ਪਟੇਲ ਨੇ ਕਿਹਾ ਕਿ ਆਈਸੀਸੀ ਨੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਬੰਗਲਾਦੇਸ਼ੀ ਖਿਡਾਰੀਆਂ ਦੇ ਲੜਾਕੂ ਜਸ਼ਨ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ। ਪਟੇਲ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਆਖ਼ਰ ਹੋਇਆ ਕੀ ਸੀ। ਹਰ ਕੋਈ ਹੈਰਾਨ ਰਹਿ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਆਈਸੀਸੀ ਦੇ ਅਧਿਕਾਰੀ ਲੜਾਕੂ ਜਸ਼ਨ ਦੀ ਵੀਡੀਓ ਦੇਖਣਗੇ ਤੇ ਇਸ ਤੋਂ ਬਾਅਦ ਸਾਨੂੰ ਕੁਝ ਦੱਸਣਗੇ।

ਮੈਚ ਜਿਵੇਂ ਜਿਵੇਂ ਸਮਾਪਤ ਹੋਣ ਦੇ ਨੇੜੇ ਆ ਰਿਹਾ ਸੀ ਤਾਂ ਬੰਗਲਾਦੇਸ਼ੀ ਖਿਡਾਰੀ ਲੜਾਕੂ ਹਰਕਤਾਂ ਕਰਨ ਲੱਗੇ ਸਨ। ਦੋਵਾਂ ਟੀਮਾਂ ਦੇ ਖਿਡਾਰੀ ਜਦ ਮੈਦਾਨ ਵਿਚ ਮੈਚ ਸਮਾਪਤ ਹੁੰਦੇ ਸਮੇਂ ਆਹਮੋ-ਸਾਹਮਣੇ ਆਏ ਤਾਂ ਸਥਿਤੀ ਵਿਗੜ ਗਈ ਜਿਸ ਤੋਂ ਬਾਅਦ ਕੋਚਿੰਗ ਸਟਾਫ ਤੇ ਮੈਚ ਅਧਿਕਾਰੀਆਂ ਨੇ ਮਾਮਲੇ ਨੂੰ ਸੰਭਾਲਿਆ।

ਪਟੇਲ ਨੇ ਕਿਹਾ ਕਿ ਮੈਚ ਰੈਫਰੀ ਗ੍ਰੀਮ ਲੈਬਰਾਏ ਉਨ੍ਹਾਂ ਨੂੰ ਮਿਲੇ ਤੇ ਉਨ੍ਹਾਂ ਨੇ ਮੈਦਾਨ 'ਤੇ ਜੋ ਕੁਝ ਵੀ ਹੋਇਆ ਉਸ ਲਈ ਅਫ਼ਸੋਸ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਸਾਫ਼ ਕੀਤਾ ਕਿ ਜੋ ਕੁਝ ਵੀ ਮੈਚ ਦੌਰਾਨ ਤੇ ਉਸ ਤੋਂ ਬਾਅਦ ਹੋਇਆ ਉਸ ਨੂੰ ਆਈਸੀਸੀ ਨੇ ਗੰਭੀਰਤਾ ਨਾਲ ਲਿਆ ਹੈ ਤੇ ਵੀਡੀਓ ਫੁਟੇਜ ਦੇਖ ਕੇ ਹੀ ਅਸੀਂ ਕੁਝ ਦੱਸਾਂਗੇ।

ਵਿਸ਼ਵ ਕੱਪ ਜੇਤੂ ਟੀਮ ਦਾ ਬੰਗਲਾਦੇਸ਼ ਵਿਚ ਹੋਵੇਗਾ ਜਨਤਕ ਸਵਾਗਤ

ਢਾਕਾ (ਪੀਟੀਆਈ) : ਬੰਗਲਾਦੇਸ਼ ਦੀ ਸਰਕਾਰ ਅੰਡਰ-19 ਵਿਸ਼ਵ ਕੱਪ ਦਾ ਖ਼ਿਤਾਬ ਜਿੱਤਣ ਵਾਲੀ ਟੀਮ ਲਈ 'ਜਨਤਕ ਸਵਾਗਤ' ਦਾ ਪ੍ਰੋਗਰਾਮ ਕਰਵਾਏਗੀ। ਬੰਗਲਾਦੇਸ਼ ਦੇ ਸੜਕ ਆਵਾਜਾਈ ਅਤੇ ਪੁਲ ਮੰਤਰੀ ਅਬਦੁਲ ਕਾਦਿਰ ਨੇ ਕਿਹਾ ਕਿ ਇਸ ਦੀ ਤਰੀਕ ਦਾ ਐਲਾਨ ਟੀਮ ਦੇ ਇੱਥੇ ਮੁੜਨ 'ਤੇ ਕੀਤਾ ਜਾਵੇਗਾ। ਇਸ ਸਵਾਗਤੀ ਪ੍ਰੋਗਰਾਮ ਦਾ ਪ੍ਰਬੰਧ ਸੁਹਰਾਵਰਦੀ ਬਾਗ਼ ਵਿਚ ਕੀਤਾ ਜਾਵੇਗਾ। ਇਹ ਫ਼ੈਸਲਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਗਵਾਈ ਵਾਲੇ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਿਆ ਗਿਆ। ਘੱਟ ਸਕੋਰ ਵਾਲੇ ਇਸ ਮੈਚ ਵਿਚ ਭਾਰਤ ਨੂੰ 47.2 ਓਵਰਾਂ ਵਿਚ 177 ਦੌੜਾਂ 'ਤੇ ਆਊਟ ਕਰਨ ਤੋਂ ਬਾਅਦ ਬੰਗਲਾਦੇਸ਼ ਨੇ ਡਕਵਰਥ ਲੁਇਸ ਨਿਯਮ ਨਾਲ 42.1 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ 'ਤੇ 170 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ ਸੀ।