ਸਿਡਨੀ (ਪੀਟੀਆਈ) : ਆਸਟ੍ਰੇਲੀਆ ਦੇ ਸਾਬਕਾ ਸਪਿੰਨਰ ਬ੍ਰੈਡ ਹਾਗ ਦਾ ਮੰਨਣਾ ਹੈ ਕਿ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿਚ ਚੇਤੇਸ਼ਵਰ ਪੁਜਾਰਾ ਦੀ ਥਾਂ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਅ ਤੀਜੇ ਨੰਬਰ 'ਤੇ ਬਿਹਤਰ ਬਦਲ ਹੋ ਸਕਦੇ ਹਨ। ਇਕ ਪ੍ਰਸ਼ੰਸਕ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਸੀਰੀਜ਼ ਵਿਚ ਪੁਜਾਰਾ ਦੀ ਥਾਂ ਕੇਐੱਲ ਰਾਹੁਲ ਨੂੰ ਲਿਆ ਜਾਣਾ ਚਾਹੀਦਾ ਹੈ ਤਾਂ ਹਾਗ ਨੇ ਕਿਹਾ ਕਿ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਸ਼ਾਅ ਬਿਹਤਰ ਬਦਲ ਹੋਣਗੇ। ਉਨ੍ਹਾਂ ਨੇ ਟਵੀਟ ਕੀਤਾ ਕਿ ਜੇ ਕੋਈ ਪੁਜਾਰਾ ਦੀ ਥਾਂ ਲੈ ਸਕਦਾ ਹੈ ਤਾਂ ਉਹ ਪ੍ਰਿਥਵੀ ਸ਼ਾਅ ਹਨ।

ਮੈਨੂੰ ਲਗਦਾ ਹੈ ਕਿ ਪਾਰੀ ਦੀ ਸ਼ੁਰੂਆਤ ਕਰਨ ਦੀ ਥਾਂ ਉਹ ਤੀਜੇ ਨੰਬਰ 'ਤੇ ਬਿਹਤਰ ਹਨ। ਉਨ੍ਹਾਂ ਵਿਚ ਬਹੁਤ ਸਮਰੱਥਾ ਹੈ ਤੇ ਉਨ੍ਹਾਂ ਦਾ ਭਵਿੱਖ ਸ਼ਾਨਦਾਰ ਹੈ। ਉਹ ਦੌਰੇ 'ਤੇ ਟੀਮ ਵਿਚ ਨਹੀਂ ਹਨ ਪਰ ਵਾਈਲਡ ਕਾਰਡ ਰਾਹੀਂ ਆ ਸਕਦੇ ਹਨ। ਭਾਰਤ ਲਈ ਪੰਜ ਟੈਸਟ ਤੇ ਤਿੰਨ ਵਨ ਡੇ ਖੇਡ ਚੁੱਕੇ ਸ਼ਾਅ ਸ੍ਰੀਲੰਕਾ ਵਿਚ ਸੀਮਤ ਓਵਰਾਂ ਦੇ ਦੌਰੇ 'ਤੇ ਗਈ ਭਾਰਤੀ ਟੀਮ ਵਿਚ ਹਨ। ਡਬਲਯੂਟੀਸੀ ਫਾਈਨਲ ਵਿਚ ਹਾਰ ਤੋਂ ਬਾਅਦ ਭਾਰਤੀ ਕਪਤਾਨ ਕੋਹਲੀ ਨੇ ਟੈਸਟ ਟੀਮ ਵਿਚ ਤਬਦੀਲੀ ਦੇ ਸੰਕੇਤ ਦਿੱਤੇ ਸਨ। ਕੋਹਲੀ ਨੇ ਕੋਈ ਨਾਂ ਨਹੀਂ ਲਿਆ ਸੀ ਪਰ ਇਸ ਗੱਲ 'ਤੇ ਨਾਰਾਜ਼ ਸਨ ਕਿ ਕੁਝ ਖਿਡਾਰੀਆਂ ਨੇ ਦੌੜਾਂ ਬਣਾਉਣ ਦਾ ਜਜ਼ਬਾ ਨਹੀਂ ਦਿਖਾਇਆ।

ਆਸਟ੍ਰੇਲੀਆ ਦੌਰੇ 'ਤੇ ਅਹਿਮ ਪਾਰੀਆਂ ਖੇਡਣ ਵਾਲੇ ਪੁਜਾਰਾ ਨੇ ਇੰਗਲੈਂਡ ਖ਼ਿਲਾਫ਼ ਚੇਨਈ ਟੈਸਟ ਵਿਚ ਅਰਧ ਸੈਂਕੜਾ ਲਾਇਆ ਪਰ ਬਾਅਦ ਵਿਚ ਚਾਰ ਟੈਸਟ ਵਿਚ ਨਹੀਂ ਚੱਲ ਸਕੇ। ਡਬਲਯੂਟੀਸੀ ਫਾਈਨਲ ਵਿਚ ਉਨ੍ਹਾਂ ਨੇ 54 ਗੇਂਦਾਂ ਵਿਚ ਅੱਠ ਤੇ 80 ਗੇਂਦਾਂ ਵਿਚ 15 ਦੌੜਾਂ ਬਣਾਈਆਂ।