ਜਲੰਧਰ (ਜੇਐੱਨਐੱਨ) : ਜਲੰਧਰ ਦੇ ਨਿਰਮਾਤਾ ਨੇ ਅਜਿਹੀ ਕ੍ਰਿਕਟ ਗੇਂਦ ਤਿਆਰ ਕੀਤੀ ਹੈ ਜਿਸ ਨੂੰ ਚਮਕਾਉਣ ਲਈ ਲਾਰ ਲਾਉਣ ਦੀ ਲੋੜ ਨਹੀਂ ਹੈ। ਫ਼ਿਲਹਾਲ ਟੀ-20 ਮੈਚਾਂ ਲਈ ਇਸ ਬਾਲ ਨੂੰ ਤਿਆਰ ਕੀਤਾ ਗਿਆ ਹੈ। ਵਨ ਡੇ ਤੇ ਟੈਸਟ ਮੈਚ ਲਈ ਕੋਸ਼ਿਸ਼ ਜਾਰੀ ਹੈ। ਜਲੰਧਰ ਦੀ ਮਿਸਤਰੀ ਛੱਜੂ ਰਾਮ ਐਂਡ ਸਨਜ਼ ਕੰਪਨੀ ਨੇ ਇਸ ਗੇਂਦ ਨੂੰ ਤਿਆਰ ਕੀਤਾ ਹੈ। ਗੇਂਦ ਬਣਾਉਣ ਵਾਲੀ ਜਲੰਧਰ ਦੀ ਸਭ ਤੋਂ ਪੁਰਾਣੀ ਕੰਪਨੀ ਦੇ ਮਾਲਿਕ ਦੇਸ਼ ਦੀਪ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਅੰਤਰਰਾਸ਼ਟਰੀ ਮੈਚਾਂ 'ਚ ਇਸ ਦੇ ਇਸਤੇਮਾਲ ਦਾ ਆਖ਼ਰੀ ਫ਼ੈਸਲਾ ਆਈਸੀਸੀ ਤੇ ਆਈਪੀਐੱਲ ਲਈ ਬੀਸੀਸੀਆਈ ਦੀ ਕਮੇਟੀ ਕਰੇਗੀ। ਮਿਸਤਰੀ ਛੱਜੂ ਰਾਮ ਐਂਡ ਸਨਜ਼ ਦੇ ਡਾਇਰੈਕਟਰ ਰਾਜ ਕੁਮਾਰ ਨੇ ਕਿਹਾ ਕਿ ਤੇਂਦੁਲਕਰ ਨੇ ਬਿਆਨ ਦਿੱਤਾ ਸੀ ਕਿ ਲਾਰ ਦੀ ਬਜਾਏ ਗੇਂਦ 'ਤੇ ਜ਼ਿਆਦਾ ਵੈਕਸ ਲਾ ਕੇ ਗੇਂਦ ਨੂੰ ਚਮਕਾਉਣ ਦਾ ਹੱਲ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਅਸੀਂ ਰਿਸਰਚ ਸ਼ੁਰੂ ਕੀਤੀ ਸੀ।