ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ 9 ਜੂਨ ਤੋਂ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਦੋਵਾਂ ਦੇਸ਼ਾਂ ਵਿਚਾਲੇ ਪਹਿਲਾ ਮੈਚ ਦਿੱਲੀ ਵਿਚ ਖੇਡਿਆ ਜਾਵੇਗਾ ਪਰ ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਪਹਿਲੇ ਟੀ-20 ਮੈਚ ਲਈ ਆਪਣੀ ਸਰਵੋਤਮ ਪਲੇਇੰਗ ਇਲੈਵਨ ਦੀ ਚੋਣ ਕਰ ਲਈ ਹੈ। ਇਸ ਟੀ-20 ਸੀਰੀਜ਼ ਲਈ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਵਰਗੇ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਟੀਮ ਇੰਡੀਆ ਇਸ ਸੀਰੀਜ਼ ਜ਼ਰੀਏ ਟੀ-20 ਵਿਸ਼ਵ ਕੱਪ 2022 ਦੀ ਤਿਆਰੀ ਵੀ ਕਰੇਗੀ ਅਤੇ ਇਸ ਸੀਰੀਜ਼ ਜ਼ਰੀਏ ਅਜਿਹੇ ਖਿਡਾਰੀਆਂ ਦੀ ਭਾਲ ਕੀਤੀ ਜਾਵੇਗੀ, ਜੋ ਇਸ ਟੂਰਨਾਮੈਂਟ ਲਈ ਭਾਰਤੀ ਟੀਮ ਦੀ ਯੋਜਨਾ ’ਚ ਫਿੱਟ ਹੋ ਸਕਣ।

ਦੱਖਣੀ ਅਫ਼ਰੀਕਾ ਖ਼ਿਲਾਫ਼ ਪਹਿਲੇ ਟੀ-20 ਲਈ ਸੰਭਾਵਿਤ ਪਲੇਇੰਗ ਇਲੈਵਨ ਦੀ ਚੋਣ ਕਰਦਿਆਂ ਸ਼ਾਸਤਰੀ ਨੇ ਸੁਝਾਅ ਦਿੱਤਾ ਕਿ ਈਸ਼ਾਨ ਕਿਸ਼ਨ ਨੂੰ ਕੇਐੱਲ ਰਾਹੁਲ ਨਾਲ ਸਲਾਮੀ ਬੱਲੇਬਾਜ਼ ਵਜੋਂ ਮੌਕਾ ਦਿੱਤਾ ਜਾ ਸਕਦਾ ਹੈ। ਸ਼ਾਸਤਰੀ ਨੇ ਕਿਹਾ ਕਿ ਉਹ ਅਜਿਹੇ ਖਿਡਾਰੀਆਂ ਨਾਲ ਜਾਣਗੇ, ਜਿਨ੍ਹਾਂ ਨੂੰ ਉਹ ਪਹਿਲਾਂ ਦੇਖਣਾ ਚਾਹੁੰਦੇ ਹਨ। ਕੇਐੱਲ ਰਾਹੁਲ ਅਤੇ ਰਿਤੁਰਾਜ ਗਾਇਕਵਾੜ ਸ਼ਾਇਦ ਓਪਨਿੰਗ ਕਰਨਗੇ। ਮੈਨੂੰ ਲੱਗਦਾ ਹੈ ਕਿ ਉਹ ਸ਼ਾਇਦ ਈਸ਼ਾਨ ਕਿਸ਼ਨ ਨੂੰ ਬ੍ਰੇਕ ਦੇਣਗੇ, ਜੋ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰ ਸਕਦਾ ਹੈ। ਸ਼ਾਸਤਰੀ ਮੁਤਾਬਿਕ ਜੇ ਕਿਸ਼ਨ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਦਾ ਹੈ ਤਾਂ ਸ਼੍ਰੇਅਸ ਅਈਅਰ ਚੌਥੇ ਨੰਬਰ ’ਤੇ, ਰਿਸ਼ਭ ਪੰਤ ਪੰਜਵੇਂ ਨੰਬਰ ’ਤੇ ਅਤੇ ਹਾਰਦਿਕ ਪਾਂਡੇ ਛੇਵੇਂ ਨੰਬਰ ’ਤੇ ਬੱਲੇਬਾਜ਼ੀ ਕਰ ਸਕਦਾ ਹੈ।

ਸ਼ਾਸਤਰੀ ਨੇ ਆਪਣੀ ਟੀਮ ਵਿਚ ਸੱਤਵੇਂ ਨੰਬਰ ਲਈ ਅਕਸ਼ਰ ਪਟੇਲ ਨੂੰ ਚੁਣਿਆ ਅਤੇ ਤੇਜ਼ ਗੇਂਦਬਾਜ਼ ਵਜੋਂ ਉਸ ਨੇ ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ ਤੇ ਉਮਰਾਨ ਮਲਿਕ ਨੂੰ ਚੁਣਿਆ। ਉਸ ਨੇ ਚਾਹਲ ਨੂੰ ਇਕ ਸਪਿੱਨਰ ਵਜੋਂ ਟੀਮ ਵਿਚ ਰੱਖਿਆ। ਅਕਸਰ ਪਟੇਲ ਟੀਮ ’ਚ ਦੂਜੇ ਸਪਿੱਨਰ ਦੇ ਰੂਪ ’ਚ ਹੋਣਗੇ। ਰਵੀ ਸ਼ਾਸਤਰੀ ਨੇ ਦਿਨੇਸ਼ ਕਾਰਤਿਕ ਨੂੰ ਆਪਣੀ ਪਲੇਇੰਗ ਇਲੈਵਨ ਵਿਚ ਸ਼ਾਮਿਲ ਨਹੀਂ ਕੀਤਾ, ਜਿਸ ਨੇ ਆਈਪੀਐੱਲ 2022 ਵਿਚ ਆਪਣੇ ਪ੍ਰਦਰਸ਼ਨ ਦੇ ਆਧਾਰ ’ਤੇ ਭਾਰਤੀ ਟੀ-20 ਟੀਮ ਵਿਚ ਵਾਪਸੀ ਕੀਤੀ ਹੈ।

ਪਲੇਇੰਗ ਇਲੈਵਨ

ਕੇਐੱਲ ਰਾਹੁਲ, ਰਿਤੁਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪਾਂਡੇ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ/ਉਮਰਾਨ ਮਲਿਕ, ਹਰਸ਼ਲ ਪਟੇਲ।

Posted By: Harjinder Sodhi