ਨਵੀਂ ਦਿੱਲੀ (ਜੇਐੱਨਐੱਨ) : ਆਈਪੀਐੱਲ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਤੇ ਸਹਿਯੋਗੀ ਮੈਂਬਰਾਂ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ ਕੋਵਿਡ-19 ਟੈਸਟ 'ਚ ਪੰਜ ਵਾਰ ਨੈਗੇਟਿਵ ਆਉਣਾ ਪਵੇਗਾ ਤੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਰ ਪੰਜਵੇਂ ਦਿਨ ਕੋਰੋਨਾ ਵਾਇਰਸ ਟੈਸਟ ਕਰਵਾਉਣਾ ਪਵੇਗਾ। ਬੀਸੀਸੀਆਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਾਰੇ ਭਾਰਤੀ ਖਿਡਾਰੀਆਂ ਤੇ ਸਹਿਯੋਗੀ ਸਟਾਫ ਨੂੰ ਭਾਰਤ ਵਿਚ ਆਪਣੀਆਂ ਸਬੰਧਤ ਟੀਮਾਂ ਨਾਲ ਜੁੜਨ ਦੇ ਇਕ ਹਫ਼ਤੇ ਪਹਿਲਾਂ 24 ਘੰਟੇ ਦੇ ਵਕਫ਼ੇ ਵਿਚ ਦੋ ਵਾਰ ਕੋਵਿਡ-19 ਆਰਟੀ-ਪੀਸੀਆਰ ਟੈਸਟ ਕਰਵਾਉਣਾ ਪਵੇਗਾ। ਇਸ ਤੋਂ ਬਾਅਦ ਖਿਡਾਰੀ (ਭਾਰਤ ਵਿਚ ਹੀ) 14 ਦਿਨ ਤਕ ਕੁਆਰੰਟਾਈਨ ਵਿਚ ਰਹਿਣਗੇ। ਟੈਸਟ ਵਿਚ ਕਿਸੇ ਵਿਅਕਤੀ ਦਾ ਨਤੀਜਾ ਜੇ ਪਾਜ਼ੇਟਿਵ ਆਉਂਦਾ ਹੈ ਤਾਂ ਉਹ 14 ਦਿਨਾਂ ਤਕ ਕੁਆਰੰਟਾਈਨ ਵਿਚ ਰਹੇਗਾ। 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਆਈਪੀਐੱਲ ਲਈ ਯੂਏਈ ਰਵਾਨਾ ਹੋਣ ਲਈ ਉਸ ਨੂੰ ਕੁਆਰੰਟਾਈਨ ਸਮੇਂ ਦੇ ਖ਼ਤਮ ਹੋਣ ਤੋਂ ਬਾਅਦ 24 ਘੰਟੇ ਦੇ ਵਕਫ਼ੇ ਵਿਚ ਦੋ ਵਾਰ ਕੋਵਿਡ-19 ਆਰਟੀ-ਪੀਸੀਆਰ ਟੈਸਟ ਵਿਚ ਨੈਗੇਟਿਵ ਆਉਣਾ ਪਵੇਗਾ। ਅਧਿਕਾਰੀ ਨੇ ਕਿਹਾ ਕਿ ਯੂਏਈ ਪੁੱਜਣ ਤੋਂ ਬਾਅਦ ਖਿਡਾਰੀਆਂ ਤੇ ਸਹਾਇਕ ਕਰਮਚਾਰੀਆਂ ਨੂੰ ਇਕ ਹਫ਼ਤੇ ਤਕ ਕੁਆਰੰਟਾਈਨ ਵਿਚ ਰਹਿਣ ਦੌਰਾਨ ਤਿੰਨ ਵਾਰ ਕੋਵਿਡ-19 ਟੈਸਟ ਕਰਵਾਉਣਾ ਪਵੇਗਾ। ਤਿੰਨ ਵਾਰ ਨੈਗੇਟਿਵ ਆਉਣ ਤੋਂ ਬਾਅਦ ਉਹ ਅਭਿਆਸ ਸ਼ੁਰੂ ਕਰ ਸਕਦੇ ਹਨ। ਇਸ ਮਾਮਲੇ ਵਿਚ ਟੀਮਾਂ ਤੋਂ ਪ੍ਰਤੀਕਿਰਿਆ ਮਿਲਣ ਦੇ ਆਧਾਰ 'ਤੇ ਇਸ ਪ੍ਰੋਟੋਕਾਲ ਵਿਚ ਥੋੜ੍ਹੀ ਤਬਦੀਲੀ ਕੀਤੀ ਜਾ ਸਕਦੀ ਹੈ ਪਰ ਖਿਡਾਰੀਆਂ ਤੇ ਟੀਮ ਅਧਿਕਾਰੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਯੂਏਈ ਵਿਚ ਪਹਿਲੇ ਹਫ਼ਤੇ ਦੇ ਪਰਵਾਸ ਦੌਰਾਨ ਟੀਮਾਂ ਦੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਹੋਟਲ ਵਿਚ ਇਕ-ਦੂਜੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੋਵੇਗੀ। ਟੈਸਟ ਵਿਚ ਤਿੰਨ ਵਾਰ ਨੈਗੇਟਿਵ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਟੂਰਨਾਮੈਂਟ ਵਿਚ ਅਭਿਆਸ ਕਰਨ ਦੀ ਇਜਾਜ਼ਤ ਮਿਲੇਗੀ।

ਯੂਏਈ ਸਿੱਧਾ ਪੁੱਜਣ ਵਾਲੇ ਵਿਦੇਸ਼ੀਆਂ ਲਈ ਵੀ ਜਾਂਚ ਜ਼ਰੂਰੀ

ਵਿਦੇਸ਼ੀ ਖਿਡਾਰੀਆਂ ਦੇ ਸਿੱਧਾ ਯੂਏਈ ਪੁੱਜਣ ਬਾਰੇ ਪੁੱਛੇ ਜਾਣ 'ਤੇ ਬੀਸੀਸੀਆਈ ਅਧਿਕਾਰੀ ਨੇ ਕਿਹਾ ਕਿ ਸਾਰੇ ਵਿਦੇਸ਼ੀ ਖਿਡਾਰੀਆਂ ਤੇ ਸਹਿਯੋਗੀ ਸਟਾਫ ਨੂੰ ਵੀ ਯੂਏਈ ਲਈ ਉਡਾਣ ਭਰਨ ਤੋਂ ਪਹਿਲਾਂ ਕੋਵਿਡ-19 ਆਰਟੀ-ਪੀਸੀਆਰ ਜਾਂਚ ਕਰਵਾਉਣੀ ਪਵੇਗੀ। ਉਹ ਤਦ ਹੀ ਉਡਾਣ ਭਰ ਸਕਦੇ ਹਨ ਜਦ ਉਨ੍ਹਾਂ ਦਾ ਨਤੀਜਾ ਨੈਗੇਟਿਵ ਹੋਵੇਗਾ। ਜੇ ਅਜਿਹਾ ਨਹੀਂ ਹੋਇਆ ਤਾਂ ਉਨ੍ਹਾਂ ਨੂੰ 14 ਦਿਨ ਕੁਆਰੰਟਾਈਨ ਵਿਚ ਰਹਿਣਾ ਪਵੇਗਾ ਤੇ ਦੋ ਵਾਰ ਕੋਰੋਨਾ ਵਾਇਰਸ ਟੈਸਟ ਵਿਚ ਨੈਗੇਟਿਵ ਆਉਣਾ ਪਵੇਗਾ।

20 ਅਗਸਤ ਤੋਂ ਪਹਿਲਾਂ ਉਡਾਣ ਨਾ ਭਰਨ ਦੀ ਸਲਾਹ

ਯੂਏਈ ਵਿਚ ਖਿਡਾਰੀਆਂ ਤੇ ਸਹਾਇਕ ਕਰਮਚਾਰੀਆਂ ਦੀ ਕੁਆਰੰਟਾਈਨ ਦੌਰਾਨ ਪਹਿਲੇ, ਤੀਜੇ ਤੇ ਛੇਵੇਂ ਦਿਨ ਜਾਂਚ ਕੀਤੀ ਜਾਵੇਗੀ। ਇਸ ਵਿਚ ਨੈਗੇਟਿਵ ਰਹਿਣ ਤੋਂ ਬਾਅਦ 53 ਦਿਨਾਂ ਤਕ ਚੱਲਣ ਵਾਲੇ ਟੂਰਨਾਮੈਂਟ ਵਿਚ ਹਰ ਪੰਜਵੇਂ ਦਿਨ ਉਨ੍ਹਾਂ ਦਾ ਟੈਸਟ ਹੋਵੇਗਾ। ਬੀਸੀਸੀਆਈ ਜਾਂਚ ਪ੍ਰਰੋਟੋਕਾਲ ਤੋਂ ਇਲਾਵਾ ਟੀਮਾਂ ਖ਼ੁਦ ਯੂਏਈ ਸਰਕਾਰ ਵੱਲੋਂ ਲਾਗੂ ਨਿਯਮਾਂ ਦੇ ਤਹਿਤ ਵਾਧੂ ਟੈਸਟ ਕਰਵਾ ਸਕਦੀਆਂ ਹਨ। ਟੀਮਾਂ ਨੂੰ ਕਿਹਾ ਗਿਆ ਹੈ ਕਿ ਉਹ 20 ਅਗਸਤ ਤੋਂ ਪਹਿਲਾਂ ਉਡਾਣ ਨਾ ਭਰਨ ਜਿਸ ਨਾਲ ਉਨ੍ਹਾਂ ਨੂੰ ਲੋੜ ਪੈਣ 'ਤੇ ਜ਼ਰੂਰੀ ਜਾਂਚ ਪ੍ਰਰੋਟੋਕਾਲ ਤੇ ਕੁਆਰੰਟਾਈਨ ਅਭਿਆਸ ਨੂੰ ਅੰਜਾਮ ਦੇਣ ਵਿਚ ਪਰੇਸ਼ਾਨੀ ਨਾ ਹੋਵੇ।

ਪਰਿਵਾਰ ਨਾਲ ਲੈ ਕੇ ਜਾਣ ਦਾ ਫ਼ੈਸਲਾ ਟੀਮਾਂ 'ਤੇ ਛੱਡਿਆ

ਬੀਸੀਸੀਆਈ ਨੇ ਖਿਡਾਰੀਆਂ ਦੇ ਪਰਿਵਾਰ ਤੇ ਸਹਿਯੋਗੀਆਂ ਨੂੰ ਨਾਲ ਰੱਖਣ ਦਾ ਫ਼ੈਸਲਾ ਟੀਮਾਂ 'ਤੇ ਛੱਡ ਦਿੱਤਾ ਹੈ। ਇਸ ਲਈ ਉਨ੍ਹਾਂ ਨੂੰ ਵੀ ਖਿਡਾਰੀਆਂ ਨੂੰ ਖਿਡਾਉਣ ਲਈ ਬਣਾਏ ਗਏ ਸਖ਼ਤ ਨਿਯਮ (ਬਾਇਓ ਸਕਿਓਰਿਟੀ ਪ੍ਰੋਟੋਕਾਲ) ਦਾ ਪਾਲਣ ਕਰਨਾ ਪਵੇਗਾ। ਪਰਿਵਾਰ ਨੂੰ ਬਾਹਰ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੋਵੇਗੀ। ਦੂਜੇ ਖਿਡਾਰੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਸਰੀਰਕ ਦੂਰੀ ਦਾ ਧਿਆਨ ਰੱਖਣਾ ਪਵੇਗਾ। ਉਨ੍ਹਾਂ ਨੂੰ ਹਮੇਸ਼ਾ ਮਾਸਕ ਲਾਈ ਰੱਖਣਾ ਪਵੇਗਾ। ਪਰਿਵਾਰਾਂ ਨੂੰ ਖਿਡਾਰੀਆਂ ਤੇ ਮੈਚ ਅਧਿਕਾਰੀਆਂ ਦੇ ਖੇਤਰ ਤੋਂ ਇਲਾਵਾ ਮੈਚ ਜਾਂ ਅਭਿਆਸ ਦੌਰਾਨ ਮੈਦਾਨ 'ਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਅਧਿਕਾਰੀ ਨੇ ਕਿਹਾ ਕਿ ਜੋ ਵੀ ਨਿਯਮਾਂ ਦਾ ਉਲੰਘਣ ਕਰੇਗਾ ਉਸ ਨੂੰ ਸੱਤ ਦਿਨਾਂ ਲਈ ਖ਼ੁਦ ਨੂੰ ਕੁਆਰੰਟਾਈਨ ਵਿਚ ਰੱਖਣਾ ਪਵੇਗਾ। ਬਾਇਓ ਸਕਿਓਰਿਟੀ ਪ੍ਰੋਟੋਕਾਲ ਵਿਚ ਵਾਪਸ ਆਉਣ ਲਈ ਉਨ੍ਹਾਂ ਨੂੰ ਛੇਵੇਂ ਤੇ ਸੱਤਵੇਂ ਦਿਨ ਕੋਵਿਡ-19 ਟੈਸਟ ਵਿਚ ਨੈਗੇਟਿਵ ਆਉਣਾ ਪਵੇਗਾ। ਉਥੇ ਮੁੰਬਈ ਇੰਡੀਅਨਜ਼ ਦੀ ਟੀਮ ਆਪਣੇ ਖਿਡਾਰੀਆਂ ਦਾ ਯੂਏਈ ਜਾਣ ਤੋਂ ਪਹਿਲਾਂ ਪੰਜ ਵਾਰ ਕੋਵਿਡ-19 ਟੈਸਟ ਕਰਵਾਏਗੀ।