ਨਵੀਂ ਦਿੱਲੀ (ਜੇਐੱਨਐੱਨ) : ਭਾਰਤ ਦੇ ਪਹਿਲੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਦੀ ਸ਼ੁੱਕਰਵਾਰ ਨੂੰ ਇੱਥੇ ਇਕ ਹਸਪਤਾਲ ਵਿਚ ਕਾਮਯਾਬ ਏਂਜੀਓਪਲਾਸਟੀ ਹੋਈ। ਇਸ ਤੋਂ ਬਾਅਦ ਕ੍ਰਿਕਟ ਖਿਡਾਰੀਆਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

ਖ਼ੁਦ ਕਪਿਲ ਨੇ ਵੀ ਇੰਸਟਾਗ੍ਰਾਮ 'ਤੇ ਪੋਸਟ ਕਰਦੇ ਹੋਏ ਆਪਣੇ ਸਿਹਤਯਾਬ ਹੋਣ ਦੀ ਜਾਣਕਾਰੀ ਦਿੱਤੀ। ਸਾਬਕਾ ਸਪਿੰਨਰ ਬਿਸ਼ਨ ਸਿੰਘ ਬੇਦੀ ਨੇ ਕਿਹਾ ਕਿ ਸਾਡੇ ਸਮੇਂ ਦੇ ਸਰਬੋਤਮ ਚੈਂਪੀਅਨ ਕ੍ਰਿਕਟਰ ਨੂੰ ਪਰਮਾਤਮਾ ਜਲਦ ਠੀਕ ਕਰਨ। ਇਸ ਤੋਂ ਇਲਾਵਾ ਬੀਸੀਸੀਆਈ ਸਕੱਤਰ ਤੋਂ ਲੈ ਕੇ ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਨੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ।

ਸਚਿਨ ਨੇ ਟਵੀਟ ਕੀਤਾ ਕਿ ਤੁਸੀਂ ਆਪਣਾ ਧਿਆਨ ਰੱਖੋ। ਇਸ ਤੋਂ ਇਲਾਵਾ ਬੀਸੀਸੀਆਈ ਸਕੱਤਰ ਜੈ ਸ਼ਾਹ, 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਮਦਨ ਲਾਲ ਤੇ ਕੀਰਤੀ ਆਜ਼ਾਦ, ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ, ਸਾਬਕਾ ਭਾਰਤੀ ਬੱਲੇਬਾਜ਼ ਵੀਵੀਐੱਸ ਲਕਸ਼ਮਣ, ਦਿੱਗਜ ਸਪਿੰਨਰ ਹਰਭਜਨ ਸਿੰਘ ਨੇ ਵੀ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ।

ਕਪਿਲ ਭਾਜੀ, ਤੁਹਾਡੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਕਰਦਾ ਹਾਂ। ਕ੍ਰਿਕਟ ਤੋਂ ਬਾਅਦ ਮੈਨੂੰ ਅਜੇ ਵੀ ਤੁਹਾਡੇ ਕੋਲੋਂ ਗੋਲਫ ਸਿੱਖਣ ਦੀ ਲੋੜ ਹੈ।

-ਯੁਵਰਾਜ ਸਿੰਘ, ਸਾਬਕਾ ਭਾਰਤੀ ਕ੍ਰਿਕਟਰ