ਆਬੂਧਾਬੀ (ਪੀਟੀਆਈ) : ਦੋ ਵਾਰ ਦੀ ਜੇਤੂ ਕੋਲਕਾਤਾ ਨਾਈਟਰਾਈਡਰਜ਼ ਨੂੰ ਆਈਪੀਐੱਲ-13 ਦੇ ਪਹਿਲੇ ਮੈਚ ਵਿਚ ਮੁੰਬਈ ਇੰਡੀਅਨਜ਼ ਹੱਥੋਂ 49 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਟੀਮ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਕਿਹਾ ਕਿ ਖਿਡਾਰੀ ਜਾਣਦੇ ਹਨ ਕਿ ਉਨ੍ਹਾਂ ਨੂੰ ਕਿੱਥੇ ਸੁਧਾਰ ਕਰਨਾ ਹੈ। ਉਥੇ ਆਈਪੀਐੱਲ ਨਿਲਾਮੀ ਵਿਚ ਸਭ ਤੋਂ ਮਹਿੰਗੇ ਖਿਡਾਰੀ ਪੈਟ ਕਮਿੰਸ ਬਾਰੇ ਕਾਰਤਿਕ ਨੇ ਕਿਹਾ ਕਿ ਉਨ੍ਹਾਂ ਬਾਰੇ ਇਕ ਮੈਚ ਤੋਂ ਬਾਅਦ ਵਿਚਾਰ ਬਣਾਉਣਾ ਗ਼ਲਤ ਹੈ। ਮੈਚ ਤੋਂ ਬਾਅਦ ਕਾਰਤਿਕ ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਕਾਫੀ ਮਾੜ ਦਿਨ ਸੀ। ਮੈਂ ਇਸ ਨੂੰ ਲੈ ਕੇ ਵਿਸ਼ਲੇਸ਼ਣ ਨਹੀਂ ਕਰਨਾ ਚਾਹੁੰਦਾ। ਆਸਟ੍ਰੇਲੀਆ ਦੇ ਪੈਟ ਕਮਿੰਸ ਤੇ ਇੰਗਲੈਂਡ ਦੇ ਕਪਤਾਨ ਇਆਨ ਮਾਰਗਨ ਪਿਛਲੇ ਦਿਨੀਂ ਹੀ ਸੀਮਤ ਓਵਰਾਂ ਦੀ ਸੀਰੀਜ਼ ਖੇਡ ਕੇ ਮੁੜੇ ਹਨ ਤੇ ਬੁੱਧਵਾਰ ਨੂੰ ਹੀ ਉਨ੍ਹਾਂ ਦਾ ਕੁਆਰੰਟਾਈਨ ਸਮਾਂ ਖ਼ਤਮ ਹੋਇਆ ਹੈ। ਕਾਰਤਿਕ ਨੇ ਕਿਹਾ ਕਿ ਕਮਿੰਸ ਤੇ ਮਾਰਗਨ ਲਈ ਸਿੱਧਾ ਇੱਥੇ ਆ ਕੇ ਖੇਡਣਾ, ਉਹ ਵੀ ਇੰਨੀ ਗਰਮੀ 'ਚ ਸੌਖਾ ਨਹੀਂ।