ਆਕਲੈਂਡ (ਪੀਟੀਆਈ) : ਨਿਊਜ਼ੀਲੈਂਡ 'ਚ ਹੋਣ ਵਾਲੇ ਮਹਿਲਾ ਵਨਡੇ ਵਿਸ਼ਵ ਕੱਪ ਦੀ ਸੀਈਓ ਆਂਦਰਿਆ ਨੈਲਸਨ ਨੇ ਕਿਹਾ ਕਿ ਖਿਡਾਰੀਆਂ ਦੀ ਨੁਮਾਇੰਦਗੀ ਬਾਰੇ ਕਾਫੀ ਸਮੇਂ ਤੋਂ ਜੁੜੀ ਚਿੰਤਾ ਕਾਰਨ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਮਹਿਲਾ ਵਨਡੇ ਵਿਸ਼ਵ ਕੱਪ ਨੂੰ ਮੁਲਤਵੀ ਕੀਤਾ ਗਿਆ ਤੇ ਇਸ ਫ਼ੈਸਲੇ ਦਾ ਨਿਊਜ਼ੀਲੈਂਡ 'ਚ ਕੋਰੋਨਾ ਵਾਇਰਸ ਸਬੰਧੀ ਸੁਰੱਖਿਆ ਦੇ ਮੁੱਦਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਫਰਵਰੀ 2021 'ਚ ਸ਼ੁਰੂ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਨੂੰ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਇਸ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਮੇਜ਼ਬਾਨ ਨਿਊਜ਼ੀਲੈਂਡ ਹਾਲਾਂਕਿ ਕੋਰੋਨਾ ਵਾਇਰਸ ਨਾਲ ਨਜਿੱਠਣ 'ਚ ਸਫਲ ਰਿਹਾ ਹੈ। ਦੇਸ਼ 'ਚ ਹੁਣ ਤਕ ਇਸ ਇਨਫੈਕਸ਼ਨ ਨਾਲ ਸਿਰਫ 1569 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਜ਼ਿਆਦਾਤਰ ਮਰੀਜ਼ ਠੀਕ ਹੋ ਚੁੱਕੇ ਹਨ। ਨਿਊਜ਼ੀਲੈਂਡ ਇਸ ਤਰ੍ਹਾਂ ਇਸ ਵਾਇਰਸ ਤੋਂ ਸਭ ਤੋਂ ਘੱਟ ਪ੍ਰਭਾਵਿਤ ਦੇਸ਼ਾਂ 'ਚ ਸ਼ਾਮਲ ਹੈ। ਆਂਦਰਿਆ ਨੇ ਕਿਹਾ, 'ਟੂਰਨਾਮੈਂਟ ਲਈ ਟੀਮਾਂ ਦੇ ਕੁਆਲੀਫਾਈ ਕਰਨ ਦੇ ਸਮੇਂ ਨੂੰ ਦੇਖਦੇ ਹੋਏ ਅਜਿਹਾ ਕੀਤਾ ਗਿਆ। ਕੁਆਲੀਫਾਇਰ ਟੂਰਨਾਮੈਂਟ ਜੁਲਾਈ 'ਚ ਖੇਡਿਆ ਜਾਣਾ ਸੀ ਪਰ ਮਹਾਮਾਰੀ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਭਾਰਤ, ਇੰਗਲੈਂਡ, ਆਸਟ੍ਰੇਲੀਆ, ਦੱਖਣੀ ਅਫਰੀਕਾ ਤੇ ਮੇਜ਼ਬਾਨ ਟੀਮ ਪਹਿਲਾਂ ਹੀ ਟੂਰਨਾਮੈਂਟ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਟੂਰਨਾਮੈਂਟ ਦੀਆਂ ਬਾਕੀ ਤਿੰਨ ਟੀਮਾਂ ਦਾ ਫ਼ੈਸਲਾ ਕੁਆਲੀਫਾਇਰ ਜ਼ਰੀਏ ਹੋਵੇਗਾ ਤੇ ਆਂਦਰਿਆ ਨੇ ਇਸੇ ਗੱਲ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਬਾਰੇ ਅਸੀਂ ਕਈ ਐਮਰਜੈਂਸੀ ਯੋਜਨਾਵਾਂ ਬਣਾਈਆਂ, ਜਿਸ ਨਾਲ ਟੂਰਨਾਮੈਂਟ ਨੂੰ ਸਫਲਤਾਪੂਰਵਕ ਅੱਗੇ ਵਧਾਉਣ ਦਾ ਸਰਬੋਤਮ ਮੌਕਾ ਮਿਲੇ। ਆਖਿਰਕਾਰ ਕ੍ਰਿਕਟ ਨੂੰ ਧਿਆਨ 'ਚ ਰੱਖ ਕੇ ਟੂਰਨਾਮੈਂਟ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ। ਉੁਨ੍ਹਾਂ ਕਿਹਾ ਕਿ ਹੁਣ ਤਕ ਕੁਆਲੀਫਾਇੰਗ ਟੂਰਨਾਮੈਂਟ ਨਹੀਂ ਹੋ ਸਕਿਆ, ਇਸ ਲਈ ਕੁਆਲੀਫਾਈ ਕਰਨਾ ਤੇ ਫਿਰ 2021 'ਚ ਮੁਕਾਬਲੇ 'ਚ ਹਿੱਸਾ ਲੈਣਾ ਕਾਫੀ ਜੋਖ਼ਮ ਭਰਿਆ ਹੈ। ਨਿਊਜ਼ੀਲੈਂਡ ਨੂੰ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਅਗਲੇ ਸਾਲ ਛੇ ਫਰਵਰੀ ਤੋਂ ਸੱਤ ਮਾਰਚ ਵਿਚਾਲੇ ਕਰਨੀ ਸੀ। ਪਿਛਲੇ ਸ਼ੁੱਕਰਵਾਰ ਹੋਈ ਆਈਸੀਸੀ ਦੀ ਬੋਰਡ ਬੈਠਕ 'ਚ ਟੂਰਨਾਮੈਂਟ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ। ਇੰਗਲੈਂਡ ਦੀ ਪਤਾਨ ਹੀਥਰ ਨਾਈਟ ਤੇ ਆਸਟ੍ਰੇਲਈਆ ਦੀ ਵਿਕਟਕੀਪਰ ਐਲਿਸਾ ਹਿਲੀ ਟੂਰਨਾਮੈਂਟ ਦੇ ਮੁਲਤਵੀ ਹੋਣ 'ਤੇ ਨਿਰਾਸ਼ਾ ਪ੍ਰਗਟਾ ਚੁੱਕੀਆਂ ਹਨ ਪਰ ਆਂਦਰਿਆ ਦਾ ਮੰਨਣਾ ਹੈ ਕਿ ਇਸ ਨਾਲ ਖਿਡਾਰੀਆਂ ਨੂ ਤਿਆਰੀ ਕਰਨ ਲਈ ਜ਼ਿਆਦਾ ਸਮਾਂ ਮਿਲੇਗਾ।