ਲਾਹੌਰ (ਪੀਟੀਆਈ) : ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਮਹੀਨੇ ਦੇ ਅੰਤ 'ਚ ਸ੍ਰੀਲੰਕਾ ਖ਼ਿਲਾਫ਼ ਹੋਣ ਵਾਲੀ ਸੀਰੀਜ਼ ਕਿਸੇ ਨਿਰਪੱਖ ਥਾਂ 'ਤੇ ਨਹੀਂ ਖੇਡੀ ਜਾਵੇਗੀ। ਸ੍ਰੀਲੰਕਾ ਦਾ ਪਾਕਿਸਤਾਨ ਦੌਰਾ ਪੂਰੀ ਤਰ੍ਹਾਂ ਤੈਅ ਸੀ ਪਰ ਫਿਰ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਦਫਤਰ ਨੂੰ ਉਨ੍ਹਾਂ ਦੀ ਟੀਮ 'ਤੇ ਸੰਭਾਵਤ ਅੱਤਵਾਦੀ ਹਮਲੇ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਸ੍ਰੀਲੰਕਾ ਕ੍ਰਿਕਟ ਨੇ ਕਿਹਾ ਕਿ ਉਸ ਨੂੰ ਪਾਕਿਸਤਾਨ ਦੌਰੇ ਦੀ ਆਪਣੀ ਯੋਜਨਾ ਬਾਰੇ ਦੁਬਾਰਾ ਸੋਚ ਵਿਚਾਰ ਕਰਨਾ ਪਵੇਗਾ। ਪਾਕਿਸਤਾਨ ਨੇ ਇਸ ਸਥਿਤੀ 'ਤੇ ਬਹੁਤ ਨੇੜਿਓਂ ਨਜ਼ਰ ਰੱਖੀ ਰੱਖੀ ਹੋਈ ਹੈ ਪਰ ਸੀਰੀਜ਼ ਨੂੰ ਕਿਸੇ ਨਿਰਪੱਖ ਥਾਂ 'ਤੇ ਕਰਵਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪੀਸੀਬੀ ਦਾ ਇਹ ਮੰਨਣਾ ਹੈ ਕਿ ਜੇ ਸੀਰੀਜ਼ ਕਿਸੇ ਨਿਰਪੱਖ ਥਾਂ 'ਤੇ ਖੇਡੀ ਜਾਂਦੀ ਹੈ ਤਾਂ ਪਾਕਿਸਤਾਨ 'ਚ ਦੁਬਾਰਾ ਅੰਤਰਰਾਸ਼ਟਰੀ ਕ੍ਰਿਕਟ ਸ਼ੁਰੂ ਕਰਨ ਦੀ ਉਨ੍ਹਾਂ ਦੀ ਯੋਜਨਾ ਖ਼ਤਰੇ ਵਿਚ ਪੈ ਜਾਵੇਗੀ। ਬੋਰਡ ਦਾ ਇਹ ਵੀ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਪਾਕਿਸਤਾਨ ਸੁਪਰ ਲੀਗ (ਪੀਸੀਐੱਲ) ਲਈ ਵਿਦੇਸ਼ੀ ਖਿਡਾਰੀਆਂ ਨੂੰ ਪਾਕਿਸਤਾਨ ਬੁਲਾਉਣਾ ਵੀ ਮੁਸ਼ਕਲ ਹੋਵੇਗਾ। ਸ੍ਰੀਲੰਕਾ ਦੀ ਟੀਮ ਨੇ ਪਾਕਿਸਤਾਨ ਵਿਚ 27 ਸਤੰਬਰ ਤੇ ਨੌਂ ਅਕਤੂਬਰ ਵਿਚਾਲੇ ਤਿੰਨ-ਤਿੰਨ ਵਨ ਡੇ ਤੇ ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਲਾਹਿਰੂ ਥਿਰੀਮਾਨੇ ਵਨ ਡੇ ਜਦਕਿ ਦਾਸੁਨ ਸ਼ਨਾਕਾ ਟੀ-20 ਵਿਚ ਸ੍ਰੀਲੰਕਾ ਦੀ ਕਪਤਾਨੀ ਕਰਨਗੇ।

ਕਈ ਖਿਡਾਰੀਆਂ ਨੇ ਕੀਤਾ ਹੈ ਮਨ੍ਹਾ :

ਇਸ ਤੋਂ ਪਹਿਲਾਂ ਸ੍ਰੀਲੰਕਾ ਦੇ 10 ਖਿਡਾਰੀਆਂ ਨੇ ਪਾਕਿਸਤਾਨ ਦਾ ਦੌਰਾ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਲਸਿਥ ਮਲਿੰਗਾ, ਏਂਜੇਲੋ ਮੈਥਿਊਜ਼, ਦਿਨੇਸ਼ ਚਾਂਦੀਮਲ, ਸੁਰੰਗਾ ਲਕਮਲ, ਦਿਮੁਥ ਕਰੁਣਾਰਤਨੇ, ਤਿਸ਼ਾਰਾ ਪਰੇਰਾ, ਅਕੀਲਾ ਧਨੰਜੇ, ਧਨੰਜੇ ਡਿਸਿਲਵਾ, ਕੁਸ਼ਲ ਪਰੇਰਾ ਤੇ ਨਿਰੋਸ਼ਨ ਡਿਕਵੇਲਾ ਨੇ ਦੌਰੇ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ।