ਨਵੀਂ ਦਿੱਲੀ (ਪੀਟੀਆਈ) : ਆਸਟ੍ਰੇਲੀਆ ਦੇ ਸਟਾਰ ਤੇਜ਼ ਗੇਂਦਬਾਜ਼ ਪੈਟ ਕਮਿੰਸ ਦਾ ਮੰਨਣਾ ਹੈ ਕਿ ਆਈਪੀਐੱਲ ਕੋਰੋਨਾ ਵਾਇਰਸ ਤੋਂ ਬਾਅਦ ਕ੍ਰਿਕਟ ਨੂੰ ਦੁਬਾਰਾ ਸ਼ੁਰੂ ਕਰਨ ਦਾ ਸ਼ਾਨਦਾਰ ਤਰੀਕਾ ਹੋਵੇਗਾ। ਇਸ ਮੁਕਾਬਲੇ ਵਾਲੇ ਟੂਰਨਾਮੈਂਟ ਨਾਲ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰੀ 'ਚ ਵੀ ਮਦਦ ਮਿਲੇਗੀ। ਕਮਿੰਸ ਨੂੰ ਆਈਪੀਐੱਲ ਦੀ ਨਿਲਾਮੀ 'ਚ ਕੋਲਕਾਤਾ ਨਾਈਟਰਾਈਡਰਜ਼ ਨੇ 15 ਕਰੋੜ 50 ਲੱਖ ਰੁਪਏ 'ਚ ਖ਼ਰੀਦਿਆ ਸੀ, ਜਿਸ ਨਾਲ ਉਹ ਆਈਪੀਐੱਲ ਦੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਬਣੇ ਸਨ। ਇਸ 27 ਸਾਲਾ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਉਹ ਟੀਮ ਦੇ ਮਾਲਕਾਂ ਦੇ ਸਪੰਰਕ 'ਚ ਹਨ ਤੇ ਉਨ੍ਹਾਂ ਨੂੰ ਇਸ ਸਾਲ ਟੂਰਨਾਮੈਂਟ 'ਚ ਖੇਡਣ ਦੀ ਉਮੀਦ ਹੈ। ਕਮਿੰਸ ਨੇ ਕਿਹਾ ਕਿ ਮੈਂ ਜਦੋਂ ਵੀ ਟੀਮ ਦੇ ਮਾਲਕਾਂ ਜਾਂ ਸਟਾਫ ਨਾਲ ਗੱਲ ਕਰਦਾ ਹਾਂ ਤਾਂ ਉਨ੍ਹਾਂ ਨੂੰ ਭਰੋਸਾ ਦਿੰਦਾ ਹਾਂ ਕਿ ਇਸ ਸਾਲ ਟੂਰਨਾਮੈਂਟ ਹੋ ਸਕੇਗਾ। ਉਨ੍ਹਾਂ ਕਿਹਾ ਕਿ ਕਈ ਵਿਵਹਾਰਕ ਕਾਰਨਾਂ ਕਰਕੇ ਮੈਂ ਇਸ ਟੂਰਨਾਮੈਂਟ 'ਚ ਖੇਡਣ ਲਈ ਉਤਸੁਕ ਹਾਂ ਤੇ ਉਮੀਦ ਕਰਦਾ ਹਾਂ ਇਹ ਟੂਰਨਾਮੈਂਟ ਜਲਦ ਹੋਵੇਗਾ।

ਕੈਲੰਡਰ ਦੇਖ ਕੇ ਬੀਬੀਐੱਲ 'ਚ ਖੇਡਣ ਦਾ ਫ਼ੈਸਲਾ ਕਰਾਂਗਾ : ਵਾਰਨਰ

ਮੈਲਬੌਰਨ : ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਕਿਹਾ ਕਿ ਉਹ ਬਿਗ ਬੈਸ਼ ਲੀਗ 'ਚ ਖੇਡਣ ਬਾਰੇ ਫ਼ੈਸਲਾ ਕੌਮਾਂਤਰੀ ਕੈਲੰਡਰ ਦੇਖ ਕੇ ਕਰਨਗੇ, ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਟੂਰਨਾਮੈਂਟਾਂ 'ਚ ਖੇਡ ਕੇ ਉਹ ਦਿਮਾਗ ਨੂੰ ਡਾਵਾਂਡੋਲ ਨਹੀਂ ਕਰਨਾ ਚਾਹੁੰਦੇ। ਵਾਰਨਰ ਨੇ ਕਿਹਾ ਕਿ 2013-14 'ਚ ਟੈਸਟ ਕ੍ਰਿਕਟ ਦੌਰਾਨ ਲਗਾਤਾਰ ਟੀ-20 ਟੂਰਨਾਮੈਂਟ ਖੇਡਣ ਦਾ ਅਸਰ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਪਿਆ। ਉਨ੍ਹਾਂ ਕਿਹਾ ਕਿ ਮੇਰੇ ਸਾਰੇ ਫ਼ੈਸਲੇ ਇਸ ਗੱਲ 'ਤੇ ਨਿਰਭਰ ਕਰਨਗੇ ਕਿ ਮੈਂ ਇਸ ਸੈਸ਼ਨ 'ਚ ਕਿੰਨਾ ਖੇਡ ਰਿਹਾ ਹਾਂ ਜਾਂ ਯਾਤਰਾ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਇੱਥੇ ਬੈਠ ਕੇ ਇਹ ਕਹਿਣਾ ਕਿ ਮੈਂ ਖੇਡਾਂਗਾ, ਬਹੁਤ ਸੌਖਾ ਹੈ ਪਰ ਮੈਨੂੰ ਦੇਖਣਾ ਪਵੇਗਾ ਕਿ ਅਖੀਰ 'ਚ ਕੀ ਹਾਲਾਤ ਹਨ ਤੇ ਇਹ ਪ੍ਰਰੋਗਰਾਮ 'ਤੇ ਨਿਰਭਰ ਕਰੇਗਾ।