ਵੇਲਿੰਗਟਨ (ਪੀਟੀਆਈ) : ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੇ ਭਾਰਤ ਖ਼ਿਲਾਫ਼ ਇਸ ਸਾਲ ਦੀ ਸ਼ੁਰੂਆਤ ਵਿਚ ਆਪਣੀ ਜ਼ਮੀਨ 'ਤੇ ਖੇਡੀ ਗਈ ਕ੍ਰਿਕਟ ਸੀਰੀਜ਼ ਦੌਰਾਨ ਦਮਦਾਰ ਪ੍ਰਦਰਸ਼ਨ ਕੀਤਾ। ਟਿਮ ਸਾਊਥੀ ਨੂੰ ਉਨ੍ਹਾਂ ਦੇ ਇਸ ਪ੍ਰਦਰਸ਼ਨ ਦਾ ਸ਼ਾਨਦਾਰ ਇਨਾਮ ਮਿਲਿਆ ਤੇ ਉਨ੍ਹਾਂ ਨੂੰ ਨਿਊਜ਼ੀਲੈਂਡ ਪਲੇਅਰਜ਼ ਐਸੋਸੀਏਸ਼ਨ (ਐੱਨਜ਼ੈੱਡਪੀਏ) ਦੇ ਸਾਲ ਦੇ ਸਰਬੋਤਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਥੇ ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟਰ ਸੋਫੀ ਡਿਵਾਈਨ ਨੂੰ ਇਸ ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਐੱਨਜ਼ੈੱਡਪੀਏ ਵੱਲੋਂ ਕਿਹਾ ਗਿਆ ਹੈ ਕਿ ਟਿਮ ਸਾਊਥੀ ਨੇ ਬਹੁਤ ਕਰੀਬੀ ਮੁਕਾਬਲੇ ਵਿਚ ਆਪਣੇ ਕਈ ਸਾਥੀ ਖਿਡਾਰੀਆਂ ਨੂੰ ਪਿੱਛੇ ਛੱਡਿਆ ਤੇ ਟੀਮ ਇੰਡੀਆ ਖ਼ਿਲਾਫ਼ ਘਰੇਲੂ ਸੀਰੀਜ਼ ਵਿਚ ਆਪਣੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਲਈ ਆਪਣੇ ਕ੍ਰਿਕਟ ਕਰੀਅਰ ਵਿਚ ਦੂਜੀ ਵਾਰ ਦ ਪਲੇਅਰਜ਼ ਕੈਪ ਹਾਸਲ ਕੀਤੀ। ਭਾਰਤ ਖ਼ਿਲਾਫ਼ ਖੇਡੇ ਗਏ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿਚ ਟਿਮ ਸਾਊਥੀ ਨੇ ਕੁੱਲ 14 ਵਿਕਟਾਂ ਲਈਆਂ ਤੇ ਭਾਰਤ ਖ਼ਿਲਾਫ਼ ਮਿਲੀ ਜਿੱਤ ਵਿਚ ਆਪਣੀ ਟੀਮ ਲਈ ਵੱਡੀ ਭੂਮਿਕਾ ਨਿਭਾਈ। ਟਿਮ ਸਾਊਥੀ ਨੇ ਇਹ ਪੁਰਸਕਾਰ ਦੂਜੀ ਵਾਰ ਹਾਸਲ ਕੀਤਾ ਤੇ ਦੋ ਜਾਂ ਇਸ ਤੋਂ ਜ਼ਿਆਦਾ ਵਾਰ ਹਾਸਲ ਕਰਨ ਵਾਲੇ ਖਿਡਾਰੀਆਂ ਵਿਚ ਕੇਨ ਵਿਲੀਅਮਸਨ ਤੇ ਰਾਸ ਟੇਲਰ ਦੀ ਲਿਸਟ ਵਿਚ ਸ਼ਾਮਲ ਹੋ ਗਏ। ਟਿਮ ਸਾਊਥੀ ਨੂੰ ਸਨਮਾਨਿਤ ਕਰਦੇ ਹੋਏ ਇਹ ਕੈਪ ਡੇਨੀਅਲ ਵਿਟੋਰੀ ਨੇ ਸੌਂਪੀ। ਵਿਟੋਰੀ ਨੇ ਕਿਹਾ ਕਿ ਟਿਮ ਸਾਊਥੀ ਲਈ ਇਹ ਸਾਲ ਕਾਫੀ ਸ਼ਾਨਦਾਰ ਤੇ ਯਾਦਗਾਰ ਰਿਹਾ ਤੇ ਉਹ ਇਸ ਪੁਰਸਕਾਰ ਦੇ ਅਸਲੀ ਹੱਕਦਾਰ ਸਨ। ਇਹ ਪੁਰਸਕਾਰ ਵੀ ਆਨਲਾਈਨ ਹੀ ਦਿੱਤਾ ਗਿਆ ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਸਾਰੀਆਂ ਚੈਂਪੀਅਨਸ਼ਿਪਾਂ ਤੇ ਪ੍ਰਰੋਗਰਾਮ ਰੱਦ ਜਾਂ ਮੁਲਤਵੀ ਕਰ ਦਿੱਤੇ ਗਏ ਹਨ। ਮਹਿਲਾ ਵਰਗ ਵਿਚ ਡਿਵਾਈਨ ਨੇ ਲਗਾਤਾਰ ਤੀਜੀ ਵਾਰ ਪੁਰਸਕਾਰ ਹਾਸਲ ਕੀਤਾ। ਉਨ੍ਹਾਂ ਤੋਂ ਇਲਾਵਾ ਸਿਰਫ਼ ਵਿਲੀਅਮਸਨ ਹੀ ਲਗਾਤਾਰ ਤਿੰਨ ਸਾਲ (2015 ਤੋਂ 2017) ਪਲੇਅਰਜ਼ ਐਵਾਰਡ ਹਾਸਲ ਕਰ ਸਕੇ ਹਨ।

ਜਿੱਤੀ ਸੀ ਵਨ ਡੇ ਤੇ ਟੈਸਟ ਸੀਰੀਜ਼

ਜ਼ਿਕਰਯੋਗ ਹੈ ਕਿ ਭਾਰਤ ਇਸ ਸਾਲ ਦੀ ਸ਼ੁਰੂਆਤ ਵਿਚ ਨਿਊਜ਼ੀਲੈਂਡ ਦੌਰੇ 'ਤੇ ਸੀ ਜਿੱਥੇ ਉਸ ਨੇ ਪਹਿਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਵਿਚ ਕੀਵੀ ਟੀਮ ਨੂੰ 5-0 ਨਾਲ ਹਰਾਇਆ ਸੀ ਪਰ ਇਸ ਤੋਂ ਬਾਅਦ ਮੇਜ਼ਬਾਨ ਟੀਮ ਨੇ ਕਮਾਲ ਦੀ ਵਾਪਸੀ ਕੀਤੀ ਤੇ ਭਾਰਤ ਨੂੰ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ 3-0 ਤੇ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿਚ 2-0 ਨਾਲ ਕਲੀਨ ਸਵੀਪ ਕਰ ਦਿੱਤਾ। ਟਿਮ ਸਾਊਥੀ ਟੈਸਟ ਸੀਰੀਜ਼ ਵਿਚ ਆਪਣੀ ਟੀਮ ਵੱਲੋਂ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਰਹੇ।