ਨਵੀਂ ਦਿੱਲੀ (ਪੀਟੀਆਈ) : ਟੀਮ ਇੰਡੀਆ ਦੇ ਵਿਕਟਕੀਪਰ ਰਿਸ਼ਭ ਪੰਤ ਨੇ ਆਸਟ੍ਰੇਲੀਆ ਖ਼ਿਲਾਫ਼ ਬਿ੍ਸਬੇਨ ਵਿਚ ਖੇਡੇ ਗਏ ਚੌਥੇ ਟੈਸਟ ਦੇ ਆਖ਼ਰੀ ਦਿਨ ਇਤਿਹਾਸਕ ਪਾਰੀ ਖੇਡ ਕੇ ਭਾਰਤ ਨੂੰ ਮੈਚ ਤੇ ਟੈਸਟ ਸੀਰੀਜ਼ (2-1) ਦਾ ਜੇਤੂ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਪਰ ਉਨ੍ਹਾਂ ਦੀ ਵਿਕਟਕੀਪਿੰਗ ਯੋਗਤਾ 'ਤੇ ਹੁਣ ਵੀ ਸਵਾਲ ਉੱਠ ਰਹੇ ਹਨ ਜਿਸ 'ਤੇ ਤਜਰਬੇਕਾਰ ਵਿਕਟਕੀਪਰ ਰਿੱਧੀਮਾਨ ਸਾਹਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਨੌਜਵਾਨ ਖਿਡਾਰੀ ਹੌਲੀ-ਹੌਲੀ ਵਿਕਟਕੀਪਿੰਗ ਵਿਚ ਵੀ ਸੁਧਾਰ ਕਰੇਗਾ। ਰਾਸ਼ਟਰੀ ਟੀਮ ਦੇ ਚੋਟੀ ਦੇ ਵਿਕਟਕੀਪਰ ਮੰਨੇ ਜਾਣ ਵਾਲੇ ਸਾਹਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਪੰਤ ਦੀ ਹੌਸਲੇ ਵਾਲੀ ਪਾਰੀ ਤੋਂ ਬਾਅਦ ਉਨ੍ਹਾਂ ਲਈ ਟੀਮ ਦੇ ਦਰਵਾਜ਼ੇ ਬੰਦ ਹੋ ਜਾਣਗੇ। ਉਹ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਜਾਰੀ ਰੱਖਣਗੇ ਤੇ ਚੋਣ ਦੀ ਸਿਰਦਰਦੀ ਮੈਨੇਜਮੈਂਟ 'ਤੇ ਛੱਡ ਦੇਣਾ ਚਾਹੁੰਦੇ ਹਨ। ਆਸਟ੍ਰੇਲੀਆ ਵਿਚ ਇਤਿਹਾਸਕ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤ ਮੁੜੇ ਸਾਹਾ ਨੇ ਕਿਹਾ ਕਿ ਤੁਸੀਂ ਪੰਤ ਤੋਂ ਪੁੱਛ ਸਕਦੇ ਹੋ, ਸਾਡਾ ਰਿਸ਼ਤਾ ਦੋਸਤਾਨਾ ਹੈ ਤੇ ਅਸੀਂ ਦੋਵੇਂ ਪਲੇਇੰਗ ਇਲੈਵਨ ਵਿਚ ਥਾਂ ਬਣਾਉਣ ਵਾਲਿਆਂ ਦੀ ਮਦਦ ਕਰਦੇ ਹਾਂ। ਨਿੱਜੀ ਤੌਰ 'ਤੇ ਸਾਡੇ ਵਿਚਾਲੇ ਕੋਈ ਵਿਵਾਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਨੂੰ ਨੰਬਰ ਇਕ ਤੇ ਦੋ ਵਜੋਂ ਨਹੀਂ ਦੇਖਦਾ। ਜੋ ਚੰਗਾ ਪ੍ਰਦਰਸ਼ਨ ਕਰੇਗਾ ਟੀਮ ਵਿਚ ਉਸ ਨੂੰ ਮੌਕਾ ਮਿਲੇਗਾ। ਮੈਂ ਆਪਣਾ ਕੰਮ ਕਰਦਾ ਰਹਾਂਗਾ। ਚੋਣ ਮੇਰੇ ਹੱਥ ਵਿਚ ਨਹੀਂ ਹੈ, ਇਹ ਮੈਨੇਜਮੈਂਟ 'ਤੇ ਨਿਰਭਰ ਹੈ। ਉਨ੍ਹਾਂ ਨੇ ਕਿਹਾ ਕਿ ਪੰਤ ਆਪਣਾ ਸਰਬੋਤਮ ਪ੍ਰਦਰਸ਼ਨ ਕਰ ਰਿਹਾ ਹੈ ਤੇ ਯਕੀਨੀ ਤੌਰ 'ਤੇ ਵਿਕਟਕੀਪਿੰਗ ਵਿਚ ਸੁਧਾਰ ਕਰੇਗਾ। ਉਸ ਨੇ ਹਮੇਸ਼ਾ ਖ਼ੁਦ ਨੂੰ ਸਾਬਤ ਕੀਤਾ ਹੈ। ਲੰਬੇ ਸਮੇਂ ਲਈ ਇਹ ਭਾਰਤੀ ਟੀਮ ਲਈ ਚੰਗਾ ਹੈ। ਉਨ੍ਹਾਂ ਨੇ ਕਿਹਾ ਕਿ ਵਨ ਡੇ ਤੇ ਟੀ-20 ਫਾਰਮੈਟ ਤੋਂ ਬਾਹਰ ਹੋਣ ਤੋਂ ਬਾਅਦ ਉਸ ਨੇ ਜੋ ਜਜ਼ਬਾ ਦਿਖਾਇਆ ਉਹ ਅਸਲ ਵਿਚ ਸ਼ਾਨਦਾਰ ਹੈ।

ਸ਼ਾਂਤ ਰਹਿਣ ਕਾਰਨ ਰਹਾਣੇ ਨੂੰ ਮਿਲੀ ਕਾਮਯਾਬੀ

ਵਿਰਾਟ ਕੋਹਲੀ ਦੀ ਗ਼ੈਰਮੌਜੂਦਗੀ 'ਚ ਟੀਮ ਦੀ ਕਮਾਨ ਸੰਭਾਲਣ ਵਾਲੇ ਅਜਿੰਕੇ ਰਹਾਣੇ ਬਾਰੇ ਸਾਹਾ ਨੇ ਕਿਹਾ ਕਿ ਮੁਸ਼ਕਲ ਹਾਲਾਤ ਵਿਚ ਵੀ ਸ਼ਾਂਤ ਰਹਿਣ ਨਾਲ ਉਨ੍ਹਾਂ ਨੂੰ ਕਾਮਯਾਬੀ ਮਿਲੀ। ਉਨ੍ਹਾਂ ਨੇ ਕਿਹਾ ਕਿ ਉਹ ਸ਼ਾਂਤੀ ਨਾਲ ਆਪਣਾ ਕੰਮ ਕਰਦੇ ਹਨ। ਵਿਰਾਟ ਵਾਂਗ ਉਹ ਵੀ ਖਿਡਾਰੀਆਂ 'ਤੇ ਯਕੀਨ ਕਰਦੇ ਹਨ। ਵਿਰਾਟ ਦੇ ਉਲਟ ਉਹ ਜ਼ਿਆਦਾ ਜੋਸ਼ ਨਹੀਂ ਦਿਖਾਉਂਦੇ। ਰਹਾਣੇ ਨੂੰ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨਾ ਆਉਂਦਾ ਹੈ। ਇਹੀ ਉਨ੍ਹਾਂ ਦੀ ਕਾਮਯਾਬੀ ਦਾ ਰਾਜ਼ ਹੈ।