ਮੁੰਬਈ (ਪੀਟੀਆਈ) : ਰਿਸ਼ਭ ਪੰਤ ਆਪਣੇ ਮੇਂਟਰ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਖ਼ਿਲਾਫ਼ ਦਿੱਲੀ ਕੈਪੀਟਲਜ਼ ਲਈ ਆਪਣੀ ਕਪਤਾਨੀ ਪਾਰੀ ਦੀ ਸ਼ੁਰੂਆਤ ਕਰਨ ਲਈ ਬੇਤਾਬ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਸ ਸਾਬਕਾ ਦਿੱਗਜ ਕਪਤਾਨ ਤੋਂ ਸਿੱਖੇ ਗ਼ੁਰ ਦਾ ਇਸਤੇਮਾਲ ਸ਼ਨਿਚਰਵਾਰ ਨੂੰ ਆਈਪੀਐੱਲ ਮੁਕਾਬਲੇ ਵਿਚ ਉਨ੍ਹਾਂ ਦੀ ਟੀਮ ਨੂੰ ਹਰਾਉਣ ਲਈ ਕਰਨਗੇ। ਦਿੱਲੀ ਤੇ ਸੀਐੱਸਕੇ ਸ਼ਨਿਚਰਵਾਰ ਨੂੰ ਇੱਥੇ ਆਹਮੋ-ਸਾਹਮਣੇ ਹੋਣਗੇ। 23 ਸਾਲ ਦੇ ਸ਼ਾਨਦਾਰ ਵਿਕਟਕੀਪਰ ਬੱਲੇਬਾਜ਼ ਪੰਤ ਨੇ ਕਿਹਾ ਕਿ ਕਪਤਾਨ ਵਜੋਂ ਮੇਰਾ ਪਹਿਲਾ ਮੁਕਾਬਲਾ ਮਾਹੀ ਖ਼ਿਲਾਫ਼ ਹੋਵੇਗਾ। ਇਹ ਮੇਰੇ ਲਈ ਚੰਗਾ ਤਜਰਬਾ ਹੋਵੇਗਾ ਕਿਉਂਕਿ ਮੈਂ ਉਨ੍ਹਾਂ ਤੋਂ ਕਾਫੀ ਕੁਝ ਸਿੱਖਿਆ ਹੈ। ਇਕ ਖਿਡਾਰੀ ਵਜੋਂ ਮੇਰੇ ਆਪਣੇ ਤਜਰਬੇ ਵੀ ਹਨ। ਮੈਂ ਆਪਣੇ ਤਜਰਬਿਆਂ ਤੇ ਧੋਨੀ ਤੋਂ ਮਿਲੀ ਸਿੱਖਿਆ ਲਾਗੂ ਕਰਾਂਗਾ ਤੇ ਸੀਐੱਸਕੇ ਖ਼ਿਲਾਫ਼ ਕੁਝ ਵੱਖ ਕਰਨ ਦੀ ਕੋਸ਼ਿਸ਼ ਕਰਾਂਗਾ। ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨ ਵਾਲੇ ਪੰਤ ਪਿਛਲੇ ਕੁਝ ਸਮੇਂ ਤੋਂ ਸ਼ਾਨਦਾਰ ਲੈਅ ਵਿਚ ਹਨ। ਕਈ ਵਾਰ ਪੰਤ ਦੀ ਤੁਲਨਾ ਧੋਨੀ ਨਾਲ ਹੁੰਦੀ ਹੈ ਪਰ ਇਹ ਨੌਜਵਾਨ ਖਿਡਾਰੀ ਕਹਿ ਚੁੱਕਾ ਹੈ ਕਿ ਉਸ ਦਾ ਟੀਚਾ ਆਪਣੇ ਲਈ ਵੱਖ ਥਾਂ ਬਣਾਉਣਾ ਹੈ। ਉਹ ਹਾਲਾਂਕਿ ਧੋਨੀ ਤੋਂ ਸਲਾਹ ਲੈਂਦੇ ਹਨ। ਪੰਤ ਨੇ 68 ਆਈਪੀਐੱਲ ਮੈਚਾਂ ਵਿਚ 2079 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਦਿੱਲੀ ਨੂੰ ਆਪਣਾ ਪਹਿਲਾ ਆਈਪੀਐੱਲ ਖ਼ਿਤਾਬ ਦਿਵਾਉਣ ਲਈ ਸਖ਼ਤ ਮਿਹਨਤ ਕਰਨਗੇ।

ਟੀਮ 'ਚ ਊਰਜਾ ਲੈ ਕੇ ਆਉਂਦੇ ਨੇ ਰਿੱਕੀ :

ਟੀਮ 'ਤੇ ਮੁੱਖ ਕੋਚ ਰਿੱਕੀ ਪੋਂਟਿੰਗ ਦੇ ਅਸਰ ਬਾਰੇ ਪੁੱਛਣ 'ਤੇ ਪੰਤ ਨੇ ਕਿਹਾ ਕਿ ਪਿਛਲੇ ਦੋ-ਤਿੰਨ ਸਾਲ ਤੋਂ ਪੋਂਟਿੰਗ ਨੇ ਸਾਡੇ ਲਈ ਸ਼ਾਨਦਾਰ ਕੰਮ ਕੀਤਾ ਹੈ। ਉਹ ਟੀਮ ਵਿਚ ਊਰਜਾ ਲੈ ਕੇ ਆਉਂਦੇ ਹਨ ਤੇ ਇਕ ਖਿਡਾਰੀ ਦੇ ਰੂਪ ਵਿਚ ਜਦ ਤੁਸੀਂ ਆਪਣੇ ਕੋਚ ਨੂੰ ਦੇਖਦੇ ਹੋ ਤੇ ਸੋਚਦੇ ਹੋ ਕਿ ਇਸ ਵਿਅਕਤੀ ਤੋਂ ਤੁਸੀਂ ਕਾਫੀ ਕੁਝ ਸਿੱਖ ਸਕਦੇ ਹੋ ਤਾਂ ਫਿਰ ਇਸ ਤੋਂ ਬਿਹਤਰ ਕੁਝ ਵੀ ਨਹੀਂ ਹੁੰਦਾ। ਉਮੀਦ ਹੈ ਕਿ ਰਿੱਕੀ ਤੇ ਪੂਰੀ ਟੀਮ ਦੀ ਮਦਦ ਨਾਲ ਅਸੀਂ ਇਸ ਵਾਰ ਖ਼ਿਤਾਬ ਜਿੱਤਣ ਵਿਚ ਕਾਮਯਾਬ ਰਹਾਂਗੇ।