ਦੁਬਈ : ਭਾਰਤ ਦੇ ਨੌਜਵਾਨ ਵਿਕਟ ਕੀਪਰ ਰਿਸ਼ਭ ਪੰਤ ਲਈ ਆਸਟ੍ਰੇਲੀਆ ਦੇ ਖਿਲਾਫ਼ ਚਾਰ ਟੈਸਟ ਮੈਚਾਂ ਦੀ ਲੜੀ ਬਹੁਤ ਸ਼ਾਨਦਾਰ ਰਹੀ। ਪੰਤ ਨੇ ਸਿਡਨੀ 'ਚ ਡਰਾਅ ਰਹੇ ਆਖਰੀ ਟੈਸਟ ਮੈਚ 'ਚ ਸੈਂਕੜਾ ਜੜਿਆ ਸੀ ਅਤੇ ਉਨ੍ਹਾਂ ਨੂੰ ਇਸਦਾ ਲਾਭ ਆਈਸੀਸੀ ਟੈਸਟ ਰੈਂਕਿੰਗ 'ਚ ਮਿਲਿਆ।

ਪੰਤ ਹੁਣ ਆਈਸੀਸੀ ਟੈਸਟ ਬੱਲੇਬਾਜ਼ੀ ਦੀ ਰੈਂਕਿੰਗ 'ਚ 21ਵੀਂ ਥਾਵਾਂ ਦੀ ਛਾਲ ਮਾਰ ਕੇ 17ਵੇਂ ਸਥਾਨ 'ਤੇ ਪਹੁੰਚ ਗਏ। ਪੰਤ ਨੇ ਇਸੇ ਦੇ ਨਾਲ ਮਹੇਂਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਜਿਨ੍ਹਾਂ ਦੇ ਕਰੀਅਰ ਦੀ ਸਰਬੋਤਮ ਰੈਂਕਿੰਗ 19 ਰਹੀ ਸੀ। ਆਈਸੀਸੀ ਟੈਸਟ ਬੱਲੇਬਾਜ਼ੀ ਦੀ ਰੈਂਕਿੰਗ 'ਚ ਕਿਸੇ ਭਾਰਤੀ ਸਪੈਸ਼ਲਿਸਟ ਵਿਕਟ ਕੀਪਰ ਦਾ ਸਰਬੋਤਮ ਪ੍ਰਦਰਸਨ ਫਾਰੂਕ ਇੰਜੀਨੀਅਰ ਦੇ ਨਾਂ ਦਰਜ ਹੈ, ਜੋਂ ਉਹ ਜਨਵਰੀ 1973 'ਚ 17ਵੇਂ ਨੰਬਰ 'ਤੇ ਪਹੁੰਚੇ ਸਨ। 21 ਸਾਲਾ ਪੰਤ ਨੇ ਇਸ ਰਿਕਾਰਡ ਦੇ ਮਾਮਲੇ 'ਚ ਇੰਜੀਨੀਅਰ ਦੇ ਬਰਾਬਰੀ ਕਰ ਲਈ।


ਪੰਤ ਨੇ ਸਿਡਨੀ ਟੈਸਟ 'ਚ 159 ਦੌੜਾਂ ਦੀ ਨਾਟਆਊਟ ਪਾਰੀ ਖੇਡੀ ਸੀ ਅਤੇ ਉਨ੍ਹਾਂ ਨੂੰ ਆਸਟ੍ਰੇਲੀਆ ਦੇ ਖਿਲਾਫ਼ ਇਸ ਸੈਂਕੜੇ ਦਾ ਫਾਇਦਾ ਮਿਲਿਆ। ਉਹ ਇਸ ਤੋਂ ਪਹਿਲਾਂ 38ਵੇਂ ਸਥਾਨ 'ਤੇ ਸਨ, ਪਰ ਹੁਣ ਲੰਬੀ ਛਾਲ ਮਾਰ ਕੇ ਪਹਿਲੀ ਵਾਰੀ ਟੌਪ 20 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਜਦੋਂ ਆਸਟ੍ਰੇਲੀਆ ਦੇ ਦੌਰੇ ਦੀ ਸ਼ੁਰੂਆਤ ਕੀਤੀ ਸੀ, ਤਾਂ ਉਹ 59ਵੇਂ ਨੰਬਰ 'ਤੇ ਸਨ। ਉਨ੍ਹਾਂ ਨੇ ਲੜੀ 'ਚ 350 ਦੌੜਾਂ ਬਣਾਈਆਂ ਜਿਸਦਾ ਉਨ੍ਹਾਂ ਨੂੰ ਫਾਇਦਾ ਮਿਲਿਆ। ਉਨ੍ਹਾਂ ਨੇ ਇਸਦੇ ਇਲਾਵਾ 20 ਸ਼ਿਕਾਰ ਵੀ ਕੀਤੇ।


ਚੇਤੇਸ਼ਵਰ ਪੁਜਾਰਾ ਨੂੰ ਧਮਾਕੇਦਾਰ ਪ੍ਰਦਰਸ਼ਨ ਦਾ ਇਨਾਮ ਮਿਲਿਆ ੱਤੇ ਉਹ ਇਕ ਪਾਇਦਾਨ ਉੱਪਰ ਚੜ੍ਹ ਕੇ ਬੱਲੇਬਾਜ਼ਾਂ 'ਚ ਤੀਜੇ ਨੰਬਰ 'ਤੇ ਪਹੁੰਚ ਗਏ। ਵਿਰਾਟ ਕੋਹਲੀ ਪਹਿਲੇ ਅਤੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਦੂਜੇ ਨੰਬਰ 'ਤੇ ਬਰਕਰਾਰ ਹਨ। ਪੁਜਾਰਾ ਨੇ ਸੀਰੀਜ਼ 'ਚ ਤਿੰਨ ਸੈਕੜਿਆਂ ਦੀ ਮਦਦ ਨਾਲ 521 ਦੌੜਾਂ ਬਣਾਈਆਂ ਅਤੇ ਭਾਰਤ ਨੂੰ ਇਤਿਹਾਸਕ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ।

Posted By: Seema Anand