ਦੁਬਈ (ਪੀਟੀਆਈ) : ਭਾਰਤ ਦੇ ਸੀਨੀਅਰ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਨਵੇਂ ਸ਼ੁਰੂ ਕੀਤੇ ਗਏ ਮਹੀਨੇ ਦੇ ਸਰਬੋਤਮ ਖਿਡਾਰੀ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਅਸ਼ਵਿਨ ਤੇ ਪੰਤ ਤੋਂ ਇਲਾਵਾ ਭਾਰਤ ਦੇ ਮੁਹੰਮਦ ਸਿਰਾਜ ਤੇ ਟੀ ਨਟਰਾਜਨ ਵੀ ਪੁਰਸਕਾਰ ਦੀ ਦੌੜ ਵਿਚ ਹਨ। ਇਨ੍ਹਾਂ ਸਾਰਿਆਂ ਨੇ ਆਸਟ੍ਰੇਲੀਆ ਵਿਚ ਟੈਸਟ ਸੀਰੀਜ਼ ਵਿਚ ਇਤਿਹਾਸਕ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ।

ਆਈਸੀਸੀ ਨੇ ਕਿਹਾ ਕਿ ਪੂਰੇ ਸਾਲ ਹਰ ਫਾਰਮੈਟ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਮਹਿਲਾ ਤੇ ਮਰਦ ਕ੍ਰਿਕਟਰਾਂ ਨੂੰ ਇਹ ਪੁਰਸਕਾਰ ਦਿੱਤਾ ਜਾਵੇਗਾ। ਜਨਵਰੀ ਲਈ ਇੰਗਲੈਂਡ ਦੇ ਕਪਤਾਨ ਜੋ ਰੂਟ, ਆਸਟ੍ਰੇਲੀਆ ਦੇ ਬੱਲੇਬਾਜ਼ ਸਟੀਵ ਸਮਿਥ, ਅਫ਼ਗਾਨਿਸਤਾਨ ਦੇ ਰਹਿਮਾਨੁੱਲ੍ਹਾ ਗੁਰਬਾਜ਼, ਦੱਖਣੀ ਅਫਰੀਕਾ ਦੇ ਮਰੀਜਾਨੇ ਕੈਪ ਤੇ ਨਾਡੀਨੇ ਡੀ ਕਲਰਕ ਤੇ ਪਾਕਿਸਤਾਨ ਦੀ ਨਿਦਾ ਦਾਰ ਵੀ ਦੌੜ ਵਿਚ ਹਨ।

ਆਈਸੀਸੀ ਨੇ ਕਿਹਾ ਕਿ ਪ੍ਰਸ਼ੰਸਕਾਂ ਨੂੰ ਹਰ ਮਹੀਨੇ ਆਨਲਾਈਨ ਵੋਟਿੰਗ ਲਈ ਸੱਦਾ ਦਿੱਤਾ ਗਿਆ ਹੈ। ਆਨਲਾਈਨ ਵੋਟ ਤੋਂ ਇਲਾਵਾ ਇਕ ਸੁਤੰਤਰ ਆਈਸੀਸੀ ਵੋਟਿੰਗ ਅਕੈਡਮੀ ਵੀ ਬਣਾਈ ਗਈ ਹੈ ਜਿਸ ਵਿਚ ਸਾਬਕਾ ਖਿਡਾਰੀ, ਬ੍ਰਾਡਕਾਸਟਰ ਤੇ ਪੱਤਰਕਾਰ ਸ਼ਾਮਲ ਹੋਣਗੇ। ਆਈਸੀਸੀ ਜਨਰਲ ਮੈਨੇਜਰ ਜਿਓਫ ਅਲਾਰਡਿਸ ਨੇ ਕਿਹਾ ਕਿ ਆਈਸੀਸੀ ਮਹੀਨੇ ਦੇ ਸਰਬੋਤਮ ਖਿਡਾਰੀ ਦੇ ਪੁਰਸਕਾਰ ਰਾਹੀਂ ਪ੍ਰਸ਼ੰਸਕਾਂ ਨਾਲ ਜੁੜਨ ਦਾ ਸੁਨਹਿਰਾ ਮੌਕਾ ਮਿਲੇਗਾ ਜੋ ਆਪਣੇ ਪਸੰਦੀਦਾ ਕ੍ਰਿਕਟਰ ਦੇ ਪ੍ਰਦਰਸ਼ਨ ਦੀ ਇਸ ਰੂਪ ਵਿਚ ਸ਼ਲਾਘਾ ਕਰ ਸਕਣਗੇ।

ਮਹੀਨੇ ਦੇ ਦੂਜੇ ਸੋਮਵਾਰ ਕੀਤਾ ਜਾਵੇਗਾ ਜੇਤੂ ਦਾ ਐਲਾਨ

ਹਰ ਵਰਗ ਲਈ ਤਿੰਨ ਨਾਮਜ਼ਦਗੀਆਂ ਆਈਸੀਸੀ ਦੀ ਪੁਰਸਕਾਰ ਨਾਮਜ਼ਦਗੀ ਕਮੇਟੀ ਤੈਅ ਕਰੇਗੀ। ਵੋਟਿੰਗ ਅਕੈਡਮੀ ਈਮੇਲ ਰਾਹੀਂ ਆਪਣੀ ਵੋਟ ਦੇਵੇਗੀ ਜੋ ਕੁੱਲ ਵੋਟ ਦਾ 90 ਫ਼ੀਸਦੀ ਹੋਵੇਗਾ। ਮਹੀਨੇ ਦੇ ਪਹਿਲੇ ਦਿਨ ਆਈਸੀਸੀ ਨਾਲ ਰਜਿਸਟਰਡ ਪ੍ਰਸ਼ੰਸਕ ਆਪਣੇ ਵੋਟ ਆਈਸੀਸੀ ਦੀ ਵੈੱਬਸਾਈਟ 'ਤੇ ਪਾ ਸਕਣਗੇ ਜੋ ਕੁੱਲ ਵੋਟਾਂ ਦਾ 10 ਫ਼ੀਸਦੀ ਹੋਵੇਗਾ। ਜੇਤੂ ਦਾ ਐਲਾਨ ਮਹੀਨੇ ਦੇ ਦੂਜੇ ਸੋਮਵਾਰ ਨੂੰ ਕੀਤਾ ਜਾਵੇਗਾ।