ਸਿਡਨੀ/ਨਵੀਂ ਦਿੱਲੀ : ਬੀਸੀਸੀਆਈ ਨੇ ਬੁੱਧਵਾਰ ਨੂੰ ਭਾਰਤੀ ਕ੍ਰਿਕਟਰਜ਼ ਹਾਰਦਿਕ ਪਾਂਡਿਆ ਤੇ ਕੇਐੱਲ ਰਾਹੁਲ ਨੂੰ ਇਕ ਟੀਵੀ ਸ਼ੋਅ ਵਿਚ ਔਰਤਾਂ 'ਤੇ ਵਿਵਾਦਤ ਟਿੱਪਣੀਆਂ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਟਿੱਪਣੀਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਨਿਖੇਧੀ ਹੋ ਰਹੀ ਸੀ ਜਿਸ ਕਾਰਨ ਬੀਸੀਸੀਆਈ ਹੁਣ ਕ੍ਰਿਕਟਰਜ਼ ਦੇ ਅਜਿਹੇ ਗ਼ੈਰ-ਕ੍ਰਿਕਟ ਸ਼ੋਅਜ਼ ਵਿਚ ਸ਼ਾਮਲ ਹੋਣ 'ਤੇ ਰੋਕ ਲਗਾਉਣ ਦਾ ਵੀ ਵਿਚਾਰ ਕਰ ਰਿਹਾ ਹੈ।

ਕਾਫੀ ਵਿਦ ਕਰਨ ਸ਼ੋਅ ਵਿਚ ਔਰਤਾਂ ਤੋਂ ਨਫ਼ਰਤ ਕਰਨ ਵਾਲੇ, ਰੰਗਭੇਦੀ ਅਤੇ ਅਸ਼ਲੀਲ ਕਮੈਂਟਸ ਕਰਨ ਲਈ ਪਾਂਡਿਆ ਦੀ ਜ਼ਬਰਦਸਤ ਨਿਖੇਧੀ ਹੋ ਰਹੀ ਸੀ ਜਿਸ ਤੋਂ ਬਾਅਦ ਬੁੱਧਵਾਰ ਨੂੰ ਉਨ੍ਹਾਂ ਨੇ ਮਾਫ਼ੀ ਮੰਗੀ। ਉਨ੍ਹਾਂ ਕਿਹਾ ਕਿ ਉਹ ਸੋਅ ਦੇ ਚਰਿੱਤਰ ਕਾਰਨ ਬਹਿਕ ਗਏ ਸਨ। ਰਾਹੁਲ ਨੇ ਇਸ ਮਾਮਲੇ ਵਿਚ ਕੋਈ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ ਹੈ।


ਬੀਸੀਸੀਆਈ ਪ੍ਰਸ਼ਾਸਕੀ ਕਮੇਟੀ ਦੇ ਮੁਖੀ ਵਿਨੋਦ ਰਾਏ ਨੇ ਕਿਹਾ ਕਿ ਹਾਰਦਿਕ ਪਾਂਡਿਆਂ ਅਤੇ ਕੇਰਲ ਰਾਹੁਲ ਨੂੰ ਉਨ੍ਹਾਂ ਦੇ ਬਿਆਨਾਂ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਜਵਾਬ ਦੇਣ ਲਈ 24 ਘੰਟਿਆਂ ਦਾ ਸਮਾਂ ਦਿੱਤਾ ਗਿਆ ਹੈ।


ਪਾਂਡਿਆ ਅਤੇ ਕੇਐੱਲ ਰਾਹੁਲ ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' ਵਿਚ ਪਹੁੰਚੇ ਸਨ, ਜਿੱਥੇ ਉਨ੍ਹਾਂ ਦੀਆਂ ਵਿਵਾਦਤ ਟਿੱਪਣੀਆਂ ਨੂੰ ਲੈ ਕੇ ਹਾਰਦਿਕ ਟ੍ਰੋਲ ਹੋ ਰਹੇ ਸਨ। ਉਨ੍ਹਾਂ ਇਸ ਸ਼ੋਅ ਵਿਚ ਲੜਕੀਆਂ ਨੂੰ ਲੈ ਕੇ ਕਈ ਵਿਵਾਦਕ, ਔਰਤਾਂ ਵਿਰੋਧੀ ਅਤੇ ਰੰਗਭੇਦੀ ਟਿੱਪਣੀਆਂ ਕੀਤੀਆਂ ਸਨ। ਪਾਂਡਿਆ ਨੇ ਇਸ ਸ਼ੋਅ ਵਿਚ ਕਿਹਾ ਸੀ ਕਿ ਲੜਕੀਆਂ ਨਾਲ ਗੱਲਬਾਤ ਦੀ ਬਜਾਏ ਉਨ੍ਹਾਂ ਨੂੰ ਦੇਖਣ ਵੱਲ ਉਨ੍ਹਾਂ ਦਾ ਜ਼ਿਆਦਾ ਧਿਆਨ ਹੁੰਦਾ ਹੈ। ਔਰਤਾਂ ਦੀ ਚਾਲ 'ਤੇ ਉਨ੍ਹਾਂ ਦੀ ਨਜ਼ਰ ਹੁੰਦੀ ਹੈ। ਉਨ੍ਹੰ ਇਸ ਸ਼ੋਅ ਵਿਚ ਵਰਜੀਨਿਟੀ ਨੂੰ ਲੈ ਕੇ ਵੀ ਗੱਲਬਾਤ ਕੀਤੀ।


ਜਿਉਂ ਹੀ ਐਪੀਸੋਡ ਪ੍ਰਸਾਰਿਤ ਹੋਇਆ ਸੋਸ਼ਲ ਮੀਡੀਆ 'ਤੇ ਹਾਰਦਿਕ ਨੂੰ ਔਰਤ ਵਿਰੋਧੀ ਅਤੇ ਸ਼ਰਮਨਾਕ ਕਿਹਾ ਜਾਣ ਲੱਗਾ। ਯੂਜ਼ਰਜ਼ ਨੇ ਉਨ੍ਹਾਂ ਨੂੰ ਔਰਤਾਂ ਦੀ ਇੱਜ਼ਤ ਨਾ ਕਰਨ ਵਾਲਾ ਸ਼ਖ਼ਸ ਕਰਾਰ ਦੇ ਦਿੱਤਾ। ਉਨ੍ਹਾਂ 'ਤੇ ਰੰਗਭੇਦੀ ਕਮੈਂਟਸ ਦਾ ਦੋਸ਼ ਲਾਇਆ ਗਿਆ।