ਹੋਬਾਰਟ (ਆਈਏਐੱਨਐੱਸ) : ਭਾਰਤ ਨੇ 2018 ਵਿਚ ਜਦ ਆਸਟ੍ਰੇਲੀਆ ਦਾ ਦੌਰਾ ਕੀਤਾ ਸੀ ਤਦ ਵਿਕਟਕੀਪਰ ਰਿਸ਼ਭ ਪੰਤ ਤੇ ਆਸਟ੍ਰੇਲੀਆਈ ਟੈਸਟ ਟੀਮ ਦੇ ਕਪਾਤਨ ਟਿਮ ਪੇਨ ਵਿਚਾਲੇ ਸਲੇਜਿੰਗ ਨੇ ਸੁਰਖ਼ੀਆਂ ਹਾਸਲ ਕੀਤੀਆਂ ਸਨ। ਪੇਨ ਨੇ ਪੰਤ ਨੂੰ ਮਜ਼ਾਕੀਆ ਲਹਿਜੇ ਵਿਚ ਪੁੱਛਿਆ ਸੀ ਕਿ ਕੀ ਉਹ ਉਨ੍ਹਾਂ ਦੇ ਬੱਚਿਆਂ ਨੂੰ ਸੰਭਾਲ ਸਕਦੇ ਹਨ। ਇਸ ਤੋਂ ਬਾਅਦ ਪੇਨ ਦੀ ਪਤਨੀ ਨੇ ਆਪਣੇ ਬੱਚਿਆਂ ਤੇ ਪੰਤ ਦੀ ਇਕ ਤਸਵੀਰ ਪੋਸਟ ਕੀਤੀ ਸੀ। ਹੁਣ ਪੇਨ ਨੇ ਇਸ ਦੇ ਪਿੱਛੇ ਦੀ ਕਹਾਣੀ ਬਿਆਨ ਕੀਤੀ ਹੈ। ਇਸ ਫੋਟੇ ਬਾਰੇ ਪੇਨ ਨੇ ਦੱਸਿਆ ਕਿ ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਪੰਤ ਦੀ ਲਾਪਰਵਾਹ ਸ਼ਾਟ ਖੇਡਣ ਦੀ ਆਦਤ ਦਾ ਫ਼ਾਇਦਾ ਉਠਾਉਣਾ ਚਾਹੁੰਦੇ ਸਨ।

ਉਨ੍ਹਾਂ ਨੇ ਕਿਹਾ ਕਿ ਅਸੀਂ ਬੋਰ ਹੋ ਚੁੱਕੇ ਸੀ ਕਿਉਂਕਿ ਸਾਨੂੰ ਵਿਕਟ ਨਹੀਂ ਮਿਲ ਰਹੀ ਸੀ। ਰਿੱਕੀ ਪੋਂਟਿੰਗ ਪੰਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਇਕ ਤਾਂ ਇਹ ਕਿ ਪੰਤ ਸ਼ਾਨਦਾਰ ਖਿਡਾਰੀ ਹਨ ਤੇ ਦੂਜੀ ਗੱਲ ਕਿ ਇਸ ਸੀਰੀਜ਼ ਦੀ ਸ਼ੁਰੂਆਤ ਵਿਚ ਸਾਨੂੰ ਪਤਾ ਲੱਗਾ ਕਿ ਉਨ੍ਹਾਂ ਖ਼ਿਲਾਫ਼ ਸਲੇਜਿੰਗ ਕਰਨਾ ਸਮੇਂ ਦੀ ਬਰਬਾਦੀ ਹੈ। ਪੋਂਟਿੰਗ ਆਈਪੀਐੱਲ ਵਿਚ ਦਿੱਲੀ ਕੈਪੀਟਲਜ਼ ਦੇ ਕੋਚ ਹਨ ਜਿਸ ਵਿਚ ਪੰਤ ਖੇਡਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਹ ਹਾਲਾਂਕਿ ਪਰੇਸ਼ਾਨ ਨਹੀਂ ਹੋਏ ਪਰ ਜੋ ਸਾਨੂੰ ਪਤਾ ਲੱਗਾ ਉਹ ਇਹ ਸੀ ਕਿ ਉਹ ਬਹੁਤ ਧਿਆਨ ਨਾਲ ਖੇਡ ਸਕਦੇ ਹਨ ਇਸ ਲਈ ਮੈਂ ਉਨ੍ਹਾਂ ਨੂੰ ਕੁਝ ਬਕਵਾਸ ਕਰ ਕੇ ਉਨ੍ਹਾਂ ਦਾ ਧਿਆਨ ਭਟਕਾਉਣਾ ਚਾਹਿਆ ਸੀ ਕਿਉਂਕਿ ਉਹ ਇਸ ਨਾਲ ਖ਼ਰਾਬ ਸ਼ਾਟ ਖੇਡ ਸਕਦੇ ਸੀ।