ਹਰਾਰੇ (ਏਪੀ) : ਪਾਕਿਸਤਾਨ ਨੇ ਸੋਮਵਾਰ ਨੂੁੰ ਇੱਥੇ ਦੂਸਰੇ ਕ੍ਰਿਕਟ ਟੈਸਟ ਮੈਚ 'ਚ ਜ਼ਿੰਬਾਬਵੇ ਨੂੰ ਪਾਰੀ ਅਤੇ 147 ਦੌੜਾਂ ਨਾਲ ਹਰਾ ਕੇ ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ ਕਲੀਨ ਸਵੀਪ ਕੀਤਾ। ਪਾਕਿਸਤਾਨ ਨੂੰ ਚੌਥੇ ਦਿਨ ਜਿੱਤ ਲਈ ਸਿਰਫ ਇਕ ਵਿਕਟ ਦੀ ਜ਼ਰੂਰਤ ਸੀ। ਸ਼ਾਹੀਨ ਅਫਰੀਦੀ ਨੇ ਦਿਨ ਦੇ ਪੰਜਵੇਂ ਓਵਰ 'ਚ ਹੀ ਲਿਊਕ ਜੋਂਗਵੇ (37) ਨੂੰ ਵਿਕਟਕੀਪਰ ਮੁਹੰਮਦ ਰਿਜਵਾਨ ਦੇ ਹੱਥੋਂ ਕੈਚ ਕਰਵਾ ਕੇ ਜਿੱਤ ਦੀ ਰਸਮ ਪੂਰੀ ਕੀਤੀ।

ਜ਼ਿੰਬਾਬਵੇ ਨੇ ਸਵੇਰੇ ਆਪਣੀ ਦੂਸਰੀ ਪਾਰੀ ਨੌਂ ਵਿਕਟ 'ਤੇ 220 ਦੌੜਾਂ ਤੋਂ ਅੱਗੇ ਵਧਾਈ ਅਤੇ ਸਿਰਫ 11 ਦੌੜਾਂ ਜੋੜ ਕੇ ਉਸ ਦੀ ਟੀਮ 231 ਦੌੜਾਂ 'ਤੇ ਆਊਟ ਹੋ ਗਈ। ਅਫਰੀਦੀ ਨੇ 52 ਦੌੜਾਂ ਦੇ ਪੰਜ ਵਿਕਟਾਂ ਲਈਆਂ। ਦੂਸਰੀ ਪਾਰੀ 'ਚ ਉਨ੍ਹਾਂ ਤੋਂ ਇਲਾਵਾ ਨੋਮਾਨ ਅਲੀ ਨੇ ਪਹਿਲੀ ਪਾਰੀ 'ਚ ਪੰਜ ਵਿਕਟਾਂ ਲਈਆਂ ਸਨ। ਜ਼ਿੰਮਬਾਬੇ ਪਹਿਲੀ ਪਾਰੀ 'ਚ ਸਿਰਫ 132 ਦੌੜਾਂ ਹੀ ਬਣਾ ਸਕਿਆ ਸੀ ਅਤੇ ਉਸ ਨੂੁੰ ਫਾਲੋਆਨ ਲਈ ਮਜਬੂਰ ਹੋਣਾ ਪਿਆ ਸੀ। ਪਾਕਿਸਤਾਨ ਨੇ ਸਲਾਮੀ ਬੱਲੇਬਾਜ਼ ਆਬਿਦ ਅਲੀ ਦੀਆਂ ਨਾਬਾਦ 215 ਅਤੇ ਅਜ਼ਹਰ ਅਲੀ ਦੀਆਂ 126 ਦੌੜਾਂ ਦੀ ਮਦਦ ਨਾਲ ਪਹਿਲੀ ਪਾਰੀ 'ਚ ਅੱਠ ਵਿਕਟਾਂ 'ਤੇ 510 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕਰ ਦਿੱਤਾ ਸੀ। ਪਾਕਿਸਤਾਨ ਨੇ ਇਸੇ ਮੈਦਾਨ 'ਤੇ ਖੇਡਿਆ ਗਿਆ ਪਹਿਲਾ ਟੈਸਟ ਮੈਚ ਪਾਰੀ ਅਤੇ 116 ਦੌੜਾਂ ਨਾਲ ਜਿੱਤਿਆ ਸੀ।