ਰਾਵਲਪਿੰਡੀ (ਏਐੱਫਪੀ) : ਪਾਕਿਸਤਾਨ ਨੇ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਬੰਗਲਾਦੇਸ਼ ਨੂੰ ਪਾਰੀ ਤੇ 44 ਦੌੜਾਂ ਨਾਲ ਹਰਾ ਕੇ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਕਾਇਮ ਕੀਤੀ। ਬੰਗਲਾਦੇਸ਼ ਨੇ ਦਿਨ ਦੀ ਸ਼ੁਰੂਆਤ ਦੂਜੀ ਪਾਰੀ ਵਿਚ ਛੇ ਵਿਕਟਾਂ 'ਤੇ 126 ਦੌੜਾਂ ਨਾਲ ਕੀਤੀ ਪਰ ਸਪਾਟ ਪਿੱਚ ਹੋਣ ਤੋਂ ਬਾਅਦ ਵੀ ਉਸ ਦੀ ਪੂਰੀ ਟੀਮ 168 ਦੌੜਾਂ 'ਤੇ ਆਊਟ ਹੋ ਗਈ। ਬੰਗਲਾਦੇਸ਼ ਨੇ ਇਸ ਤੋਂ ਪਹਿਲੀ ਪਾਰੀ ਵਿਚ 233 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿਚ ਪਾਕਿਸਤਾਨ ਨੇ ਬਾਬਰ ਆਜ਼ਮ (143) ਤੇ ਸ਼ਾਨ ਮਸੂਦ (100) ਦੀਆਂ ਸੈਂਕੜੇ ਵਾਲੀਆਂ ਪਾਰੀਆਂ ਨਾਲ 445 ਦੌੜਾਂ ਬਣਾ ਕੇ ਵੱਡੀ ਬੜ੍ਹਤ ਹਾਸਲ ਕੀਤੀ ਸੀ। ਦੂਜੀ ਪਾਰੀ ਵਿਚ ਹੈਟਿ੍ਕ ਲੈਣ ਵਾਲੇ ਸਭ ਤੋਂ ਨੌਜਵਾਨ ਗੇਂਦਬਾਜ਼ ਬਣੇ ਨਸੀਮ ਸ਼ਾਹ ਨੇ ਮੈਚ ਵਿਚ 26 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਉਨ੍ਹਾਂ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ। ਬੰਗਲਾਦੇਸ਼ ਲਈ ਪਿਛਲੇ 11 ਟੈਸਟ ਵਿਚ ਇਹ 10ਵੀਂ ਹਾਰ ਹੈ।

ਅਬੂ ਜ਼ਾਇਦ ਨੂੰ ਪਈ ਝਾੜ

ਇਸ ਮੈਚ ਵਿਚ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਅਬੂ ਜਾਇਦ ਨੂੰ ਪਾਕਿਸਤਾਨੀ ਕਪਤਾਨ ਅਜ਼ਹਰ ਅਲੀ ਨੂੰ ਆਊਟ ਕਰਨ ਤੋਂ ਬਾਅਦ ਹਮਲਾਵਰ ਜਸ਼ਨ ਮਨਾਉਣਾ ਭਾਰੀ ਪਿਆ। ਇਸ ਲਈ ਆਈਸੀਸੀ ਨੇ ਉਨ੍ਹਾਂ ਨੂੰ ਝਾੜ ਪਾਈ ਹੈ ਤੇ ਉਨ੍ਹਾਂ ਨੂੰ ਇਕ ਡਿਮੈਰਿਟ ਅੰਕ ਵੀ ਦਿੱਤਾ ਗਿਆ।