ਨਵੀਂ ਦਿੱਲੀ (ਜੇਐੱਨਐੱਨ) : ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਪਾਕਿਸਤਾਨ 'ਚ ਖੇਡੇ ਜਾ ਰਹੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ਵਿਚ ਮੇਜ਼ਬਾਨ ਟੀਮ ਦੇ ਕਪਤਾਨ ਬਾਬਰ ਆਜ਼ਮ ਦਾ ਬੱਲਾ ਨਹੀਂ ਚੱਲ ਸਕਿਆ। ਬਾਬਰ ਆਜ਼ਮ ਇਸ ਮੈਚ ਵਿਚ ਜ਼ੀਰੋ 'ਤੇ ਆਊਟ ਹੋ ਗਏ। ਹਾਲਾਂਕਿ ਉਨ੍ਹਾਂ ਦੇ ਜ਼ੀਰੋ 'ਤੇ ਆਊਟ ਹੋਣ ਦੇ ਬਾਵਜੂਦ ਪਾਕਿਸਤਾਨ ਦੀ ਟੀਮ ਨੇ ਬੰਗਲਾਦੇਸ਼ 'ਤੇ ਜਿੱਤ ਦਰਜ ਕਰ ਲਈ ਤੇ ਬੰਗਲਾਦੇਸ਼ ਨੂੰ ਪੰਜ ਵਿਕਟਾਂ ਨਾਲ ਹਰਾਇਆ। ਬੰਗਲਾਦੇਸ਼ ਖ਼ਿਲਾਫ਼ ਲਾਹੌਰ ਦੇ ਗੱਦਾਫੀ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਮੈਚ ਵਿਚ ਬਾਬਰ ਆਜ਼ਮ ਕੋਈ ਦੌੜ ਨਾ ਬਣਾ ਸਕੇ। ਉਨ੍ਹਾਂ ਨੇ ਦੋ ਗੇਂਦਾਂ ਦਾ ਸਾਹਮਣਾ ਕੀਤਾ। ਉਹ ਸੈਫੁਲ ਇਸਲਾਮ ਦੀ ਗੇਂਦ 'ਤੇ ਲਿਟਨ ਦਾਸ ਹੱਥੋਂ ਕੈਚ ਆਊਟ ਹੋਏ। ਬਾਬਰ ਆਜ਼ਮ ਇਸ ਸਮੇਂ ਟੀ-20 ਕ੍ਰਿਕਟ 'ਚ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਹਨ ਤੇ ਉਹ ਪਹਿਲੀ ਵਾਰ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਜ਼ੀਰੋ 'ਤੇ ਆਊਟ ਹੋਏ ਹਨ। ਇਹ ਬਾਬਰ ਆਜ਼ਮ ਦੇ ਕ੍ਰਿਕਟ ਕਰੀਅਰ ਦਾ ਕੁੱਲ 37ਵਾਂ ਮੁਕਾਬਲਾ ਸੀ। ਮਤਲਬ ਕਿ ਇਸ ਤੋਂ ਪਹਿਲਾਂ ਖੇਡੇ ਗਏ 36 ਮੈਚਾਂ ਵਿਚ ਉਹ ਕਦੀ ਵੀ ਜ਼ੀਰੋ 'ਤੇ ਆਊਟ ਨਹੀਂ ਹੋਏ ਸਨ। ਹਾਲਾਂਕਿ ਉਹ ਦੋ ਵਾਰ ਸਾਲ 2017 ਵਿਚ ਸ੍ਰੀਲੰਕਾ ਖ਼ਿਲਾਫ਼ ਇਕ-ਇਕ ਦੌੜਾਂ 'ਤੇ ਆਊਟ ਹੋ ਚੁੱਕੇ ਹਨ। ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਵਿਚ ਮੇਜ਼ਬਾਨ ਟੀਮ ਨੇ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ ਤੇ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾ ਲਈ। ਇਸ ਮੈਚ ਵਿਚ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ 'ਤੇ 141 ਦੌੜਾਂ ਬਣਾਈਆਂ ਸਨ। ਬੰਗਲਾਦੇਸ਼ ਵੱਲੋਂ ਤਮੀਮ ਇਕਬਾਲ ਨੇ 39 ਦੌੜਾਂ ਤੇ ਨਈਮ ਨੇ 41 ਦੌੜਾਂ ਦੀ ਪਾਰੀ ਖੇਡੀ।

ਸ਼ੋਇਬ ਮਲਿਕ ਬਣੇ ਪਲੇਅਰ ਆਫ ਮੈਚ :

ਪਾਕਿਸਤਾਨ ਨੂੰ ਜਿੱਤ ਲਈ 142 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਨੂੰ ਇਸ ਟੀਮ ਨੇ 19.3 ਓਵਰਾਂ 'ਚ ਪੰਜ ਵਿਕਟਾਂ ਬਾਕੀ ਰਹਿੰਦੇ ਹਾਸਲ ਕਰ ਲਿਆ। ਪਾਕਿਸਤਾਨ ਵੱਲੋਂ ਸਭ ਤੋਂ ਵੱਡੀ ਪਾਰੀ ਟੀਮ ਦੇ ਤਜਰਬੇਕਾਰ ਹਰਫ਼ਨਮੌਲਾ ਸ਼ੋਇਬ ਮਲਿਕ ਨੇ ਖੇਡੀ। ਉਨ੍ਹਾਂ ਨੇ 45 ਗੇਂਦਾਂ 'ਤੇ ਅਜੇਤੂ 58 ਦੌੜਾਂ ਦੀ ਪਾਰੀ ਖੇਡਦੇ ਹੋਏ ਟੀਮ ਨੂੰ ਜਿੱਤ ਦਿਵਾਈ। ਪਾਕਿਸਤਾਨ ਵੱਲੋਂ ਦੂਜੇ ਸਰਬੋਤਮ ਸਕੋਰਰ ਅਹਿਸਾਨ ਅਲੀ ਰਹੇ ਜਿਨ੍ਹਾਂ ਨੇ 36 ਦੌੜਾਂ ਬਣਾਈਆਂ। ਸ਼ੋਇਬ ਮਲਿਕ ਨੂੰ ਉਨ੍ਹਾਂ ਦੀ ਸ਼ਾਨਦਾਰ ਪਾਰੀ ਲਈ ਪਲੇਅਰ ਆਫ ਦ ਮੈਚ ਚੁਣਿਆ ਗਿਆ।