ਲਾਹੌਰ (ਪੀਟੀਆਈ) : ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹੈਰਿਸ ਰਾਊਫ਼ ਨੂੰ ਬਿਗ ਬੈਸ਼ ਲੀਗ (ਬੀਬੀਐੱਲ) ਖੇਡਣ ਦੇ ਆਪਣੇ ਤਜਰਬੇ ਦੇ ਦਮ 'ਤੇ ਭਾਰਤ ਖ਼ਿਲਾਫ਼ 23 ਅਕਤੂਬਰ ਨੂੰ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਮੁਕਾਬਲੇ ਵਿਚ ਕਾਮਯਾਬੀ ਮਿਲਣ ਦਾ ਪੂਰਾ ਯਕੀਨ ਹੈ। ਰਾਊਫ਼ ਨੇ ਕਿਹਾ ਕਿ ਜੇ ਮੈਂ ਆਪਣਾ ਸਰਬੋਤਮ ਪ੍ਰਦਰਸ਼ਨ ਕਰ ਸਕਿਆ ਤਾਂ ਭਾਰਤ ਲਈ ਮੈਨੂੰ ਖੇਡ ਸਕਣਾ ਸੋਖਾ ਨਹੀਂ ਹੋਵੇਗਾ। ਮੈਂ ਬਹੁਤ ਖ਼ੁਸ਼ ਹਾਂ ਕਿ ਇਹ ਮੈਚ ਮੈਲਬੌਰਨ ਕ੍ਰਿਕਟ ਮੈਦਾਨ (ਐੱਮਸੀਜੀ) 'ਤੇ ਹੋ ਰਿਹਾ ਹੈ। ਬੀਬੀਐੱਲ ਵਿਚ ਮੈਲਬੌਰਨ ਸਟਾਰਸ ਲਈ ਖੇਡਣ ਵਾਲੇ ਰਾਊਫ਼ ਨੇ ਕਿਹਾ ਕਿ ਇਹ ਮੇਰਾ ਘਰੇਲੂ ਮੈਦਾਨ ਹੈ। ਮੈਨੂੰ ਪਤਾ ਹੈ ਕਿ ਉਥੇ ਕਿਵੇਂ ਖੇਡਣਾ ਹੈ। ਮੈਂ ਰਣਨੀਤੀ ਬਣਾਉਣੀ ਵੀ ਸ਼ੁਰੂ ਕਰ ਦਿੱਤੀ ਹੈ ਕਿ ਭਾਰਤ ਖ਼ਿਲਾਫ਼ ਕਿਵੇਂ ਗੇਂਦਬਾਜ਼ੀ ਕਰਨੀ ਹੈ। ਪਾਕਿਸਤਾਨ ਨੇ ਪਿਛਲੀ ਵਾਰ ਯੂਏਈ ਵਿਚ ਹੋਏ ਟੀ-20 ਵਿਸ਼ਵ ਕੱਪ ਵਿਚ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ ਜੋ ਵਿਸ਼ਵ ਕੱਪ ਵਿਚ ਭਾਰਤ 'ਤੇ ਉਸ ਦੀ ਪਹਿਲੀ ਜਿੱਤ ਸੀ।

Posted By: Gurinder Singh