ਮਾਊਂਟ ਮੋਂਗਾਨੂਈ (ਏਪੀ) : ਕਪਤਾਨ ਕੇਨ ਵਿਲੀਅਮਸਨ ਦੇ 23ਵੇਂ ਟੈਸਟ ਸੈਂਕੜੇ ਤੇ ਬੀਜੇ ਵਾਟਲਿੰਗ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਨਾਲ ਨਿਊਜ਼ੀਲੈਂਡ ਨੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਇੱਥੇ ਪਹਿਲੀ ਪਾਰੀ ਵਿਚ ਮਜ਼ਬੂਤ ਸਕੋਰ ਬਣਾਉਣ ਤੋਂ ਬਾਦ ਪਾਕਿਸਤਾਨ ਨੂੰ ਸ਼ੁਰੂ ਵਿਚ ਹੀ ਇਕ ਝਟਕਾ ਦਿੱਤਾ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 431 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿਚ ਪਾਕਿਸਤਾਨ ਨੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤਕ 20 ਓਵਰਾਂ ਵਿਚ ਇਕ ਵਿਕਟ 'ਤੇ 30 ਦੌੜਾਂ ਬਣਾਈਆਂ ਹਨ। ਉਹ ਅਜੇ ਨਿਊਜ਼ੀਲੈਂਡ ਤੋਂ 401 ਦੌੜਾਂ ਪਿੱਛੇ ਹੈ।

ਬਿਹਤਰੀਨ ਲੈਅ ਵਿਚ ਚੱਲ ਰਹੇ ਵਿਲੀਅਮਸਨ ਨੇ 129 ਦੌੜਾਂ ਬਣਾਈਆਂ। ਆਪਣੀ ਇਸ ਪਾਰੀ ਦੌਰਾਨ ਉਨ੍ਹਾਂ ਨੇ ਰਾਸ ਟੇਲਰ (70) ਦੇ ਨਾਲ ਤੀਜੀ ਵਿਕਟ ਲਈ 120 ਦੌੜਾਂ ਤੇ ਹੈਨਰੀ ਨਿਕੋਲਸ (56) ਨਾਲ ਚੌਥੀ ਵਿਕਟ ਲਈ 133 ਦੌੜਾਂ ਦੀਆਂ ਭਾਈਵਾਲੀਆਂ ਕੀਤੀਆਂ। ਵਾਟਲਿੰਗ ਨੇ ਬਾਅਦ ਵਿਚ 73 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਕਾਇਲ ਜੇਮੀਸਨ (32) ਨਾਲ ਸੱਤਵੀਂ ਵਿਕਟ ਲਈ 66 ਦੌੜਾਂ ਦੀ ਭਾਈਵਾਲੀ ਕੀਤੀ ਜਿਸ ਨਾਲ ਨਿਊਜ਼ੀਲੈਂਡ 400 ਦੌੜਾਂ ਨੂੰ ਪਾਰ ਕਰਨ ਵਿਚ ਕਾਮਯਾਬ ਰਿਹਾ। ਪਾਕਿਸਤਾਨ ਵੱਲੋਂ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫ਼ਰੀਦੀ ਨੇ 109 ਦੌੜਾਂ ਦੇ ਕੇ ਚਾਰ ਤੇ ਲੈੱਗ ਸਪਿੰਨਰ ਯਾਸਿਰ ਸ਼ਾਹ ਨੇ 113 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ।

ਪਾਕਿਸਤਾਨ ਨੇ ਚੌਕਸ ਸ਼ੁਰੂਆਤ ਕੀਤੀ ਤੇ ਬਹੁਤ ਹੌਲੀ ਬੱਲੇਬਾਜ਼ੀ ਕੀਤੀ। ਜੇਮੀਸਨ ਨੇ ਦਿਨ ਦੇ ਆਖ਼ਰੀ ਸਮੇਂ ਵਿਚ ਸਲਾਮੀ ਬੱਲੇਬਾਜ਼ ਸ਼ਾਨ ਮਸੂਦ (10) ਨੂੰ ਆਊਟ ਕੀਤਾ ਜਿਨ੍ਹਾਂ ਨੇ ਲੈੱਗ ਸਟੰਪ ਤੋਂ ਬਾਹਰ ਜਾਂਦੀ ਗੇਂਦ ਨੂੰ ਗਲਾਂਸ ਕਰਨ ਦੀ ਕੋਸ਼ਿਸ਼ ਵਿਚ ਵਿਕਟਕੀਪਰ ਵਾਟਲਿੰਗ ਨੂੰ ਕੈਚ ਦਿੱਤਾ। ਦਿਨ ਦੀ ਖੇਡ ਖ਼ਤਮ ਹੋਣ ਦੇ ਸਮੇਂ ਆਬਿਦ ਅਲੀ 19 ਦੌੜਾਂ 'ਤੇ ਖੇਡ ਰਹੇ ਸਨ ਜਦਕਿ ਨਾਈਟ ਵਾਚਮੈਨ ਮੁਹੰਮਦ ਅੱਬਾਸ ਨੇ ਖ਼ਾਤਾ ਨਹੀਂ ਖੋਲਿ੍ਹਆ ਹੈ। ਨਿਊਜ਼ੀਲੈਂਡ ਨੇ ਸਵੇਰੇ ਤਿੰਨ ਵਿਕਟਾਂ 'ਤੇ 222 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਉਸ ਸਮੇਂ ਵਿਲੀਅਮਸਨ 94 ਤੇ ਨਿਕੋਲਸ 42 ਦੌੜਾਂ 'ਤੇ ਖੇਡ ਰਹੇ ਸਨ।