ਬਰਮਿੰਘਮ (ਪੀਟੀਆਈ) : ਨਿਊਜ਼ੀਲੈਂਡ 18 ਜੂਨ ਤੋਂ ਭਾਰਤ ਖ਼ਿਲਾਫ਼ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਲਈ ਆਪਣੇ ਮੁੱਖ ਗੇਂਦਬਾਜ਼ਾਂ ਨੂੰ ਤਰੋਤਾਜ਼ਾ ਰੱਖਣ ਲਈ ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ਮੈਚ ਵਿਚ ਆਰਾਮ ਦੇਵੇਗਾ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਸੱਟ ਕਾਰਨ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਵਿਚ ਨਹੀਂ ਖੇਡ ਸਕਣਗੇ। ਉਹ ਕੂਹਣੀ ਦੀ ਸੱਟ ਤੋਂ ਪਰੇਸ਼ਾਨ ਹਨ। ਉਨ੍ਹਾਂ ਦੀ ਥਾਂ ਟਾਮ ਲਾਥਮ ਕਪਤਾਨੀ ਕਰਨਗੇ। ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਸੀਰੀਜ਼ ਦੇ ਆਖ਼ਰੀ ਮੈਚ ਲਈ ਉਪਲੱਬਧ ਰਹਿਣਗੇ ਤੇ ਇਸ ਕਾਰਨ ਨਿਊਜ਼ੀਲੈਂਡ ਹੋਰ ਮੁੱਖ ਗੇਂਦਬਾਜ਼ਾਂ ਟਿਮ ਸਾਊਥੀ, ਨੀਲ ਵੈਗਨਰ ਤੇ ਕਾਇਲ ਜੇਮੀਸਨ ਵਿਚੋਂ ਕਿਸੇ ਇਕ ਨੂੰ ਆਰਾਮ ਦੇ ਸਕਦਾ ਹੈ।

ਇਨ੍ਹਾਂ ਵਿਚੋਂ ਦੋ ਗੇਂਦਬਾਜ਼ਾਂ ਨੂੰ ਵੀ ਆਰਾਮ ਦਿੱਤਾ ਜਾ ਸਕਦਾ ਹੈ। ਨਿੂਜ਼ੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਦੂਜੇ ਮੈਚ ਤੋਂ ਪਹਿਲਾਂ ਕਿਹਾ ਕਿ ਸਾਰੇ ਗੇਂਦਬਾਜ਼ ਚੰਗੀ ਸਥਿਤੀ ਵਿਚ ਹਨ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਅਗਲੇ ਮੈਚ ਵਿਚ ਖੇਡਣਗੇ। ਤੇਜ਼ ਗੇਂਦਬਾਜ਼ੀ ਵਿਭਾਗ ਵਿਚ ਮੈਟ ਹੈਨਰੀ, ਡਗ ਬ੍ਰੇਸਵੇਲ ਤੇ ਜੈਕਬ ਟਫੀ ਨੂੰ ਮੌਕਾ ਮਿਲ ਸਕਦਾ ਹੈ। ਸਟੀਡ ਨੇ ਕਿਹਾ ਕਿ ਡਬਲਯੂਟੀਸੀ ਫਾਈਨਲ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਮੁੱਖ ਗੇਂਦਬਾਜ਼ ਤਰੋਤਾਜ਼ਾ ਤੇ ਭਾਰਤ ਖ਼ਿਲਾਫ਼ ਪਹਿਲੀ ਗੇਂਦ ਤੋਂ ਆਪਣਾ ਜਾਦੂ ਦਿਖਾਉਣ ਲਈ ਤਿਆਰ ਰਹਿਣ।

ਉਨ੍ਹਾਂ ਨੇ ਕਿਹਾ ਕਿ ਅਸੀਂ 20 ਖਿਡਾਰੀਆਂ ਦੀ ਟੀਮ ਨਾਲ ਇੱਥੇ ਆਏ ਹਾਂ। ਸਾਡੇ ਕਈ ਖਿਡਾਰੀਆਂ ਨੂੰ ਟੈਸਟ ਕ੍ਰਿਕਟ ਦਾ ਤਜਰਬਾ ਹਾਸਲ ਹੈ। ਮੈਟ ਹੈਨਰੀ, ਡੇਰਿਲ ਮਿਛੇਲ, ਡਗ ਬ੍ਰੇਸਵੇਲ, ਏਜਾਜ਼ ਪਟੇਲ ਅਜਿਹੇ ਖਿਡਾਰੀ ਹਨ ਜੋ ਪਹਿਲਾਂ ਟੈਸਟ ਖੇਡ ਚੁੱਕੇ ਹਨ।