ਸਾਊਥੈਂਪਟਨ (ਪੀਟੀਆਈ) : ਇੰਗਲੈਂਡ ਦੇ ਬੱਲੇਬਾਜ਼ ਓਲੀ ਪੋਪ ਨੇ ਕਿਹਾ ਹੈ ਕਿ ਵੈਸਟਇੰਡੀਜ਼ ਖ਼ਿਲਾਫ਼ ਅੱਠ ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੈਸਟ ਵਿਚ ਦਰਸ਼ਕਾਂ ਦੀ ਗ਼ੈਰ ਮੌਜੂਦਗੀ 'ਚ ਸਾਡੀ ਟੀਮ ਦੇ ਉਤਸ਼ਾਹ ਵਿਚ ਕੋਈ ਕਮੀ ਨਹੀਂ ਆਵੇਗੀ। ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਕੋਵਿਡ-19 ਮਹਾਮਾਰੀ ਕਾਰਨ ਦਰਸ਼ਕਾਂ ਤੋਂ ਬਿਨਾਂ ਖ਼ਾਲੀ ਸਟੇਡੀਅਮ ਵਿਚ ਖੇਡੀ ਜਾਵੇਗੀ। ਪੋਪ ਨੇ ਇੰਗਲੈਂਡ ਦੇ ਅਭਿਆਸ ਮੈਚ ਤੋਂ ਬਾਅਦ ਕਿਹਾ ਕਿ ਜਦ ਕਾਫੀ ਦਰਸ਼ਕ ਹੁੰਦੇ ਹਨ ਤੇ ਬਾਰਮੀ ਆਰਮੀ ਵੀ ਇੱਥੇ ਹੁੰਦੀ ਹੈ ਤਾਂ ਇਹ ਸ਼ਾਨਦਾਰ ਹੁੰਦਾ ਹੈ ਪਰ ਅਸੀਂ ਫਿਰ ਵੀ ਟੈਸਟ ਕ੍ਰਿਕਟ ਖੇਡਾਂਗੇ। ਉਨ੍ਹਾਂ ਨੇ ਕਿਹਾ ਕਿ ਜੇ ਦਰਸ਼ਕਾਂ ਵਿਚ ਇਕ ਵੀ ਵਿਅਕਤੀ ਨਹੀਂ ਹੋਵੇਗਾ ਤਦ ਵੀ ਅਸੀਂ ਉਸ ਕ੍ਰਿਕਟ ਨੂੰ ਖੇਡਾਂਗੇ ਜਿਸ ਦਾ ਅਸੀਂ ਅਜੇ ਤਕ ਖੇਡਣ ਦਾ ਸੁਪਨਾ ਦੇਖਿਆ ਹੈ। ਟੈਸਟ ਅਜੇ ਵੀ ਕ੍ਰਿਕਟ ਦਾ ਸਰਬੋਤਮ ਫਾਰਮੈਟ ਹੈ। ਸਵੇਰ ਦੇ ਸਮੇਂ ਹੁਣ ਵੀ ਜੋਸ਼ ਹੋਵੇਗਾ ਕਿਉਂਕਿ ਇਸ ਵਿਚ ਕਈ ਹਾਲਾਤ 'ਚੋਂ ਗੁਜ਼ਰਨਾ ਪੈਂਦਾ ਹੈ। ਜਦ ਟੈਸਟ ਮੈਚ ਸ਼ੁਰੂ ਹੁੰਦਾ ਹੈ ਤਾਂ ਦਰਸ਼ਕ ਹੋਣ ਜਾਂ ਨਾ, ਤੁਸੀਂ ਹਮੇਸ਼ਾ ਉਤਸ਼ਾਹਿਤ ਰਹਿੰਦੇ ਹੋ। ਇਸ 22 ਸਾਲ ਦੇ ਬੱਲੇਬਾਜ਼ ਨੇ ਕਿਹਾ ਕਿ ਦਰਸ਼ਕਾਂ ਤੋਂ ਬਿਨਾਂ ਵੀ ਕ੍ਰਿਕਟ ਦਾ ਪੱਧਰ ਪ੍ਰਭਾਵਿਤ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਚਾਹੇ ਅਸੀਂ ਥੋੜ੍ਹਾ ਜਿਹਾ ਸੰਗੀਤ ਬਜਾਵਾਂਗੇ, ਮੈਨੂੰ ਪਤਾ ਨਹੀਂ ਹੈ ਪਰ ਅਸੀਂ ਆਪਣਾ ਹੀ ਮਾਹੌਲ ਬਣਾਉਣ ਦਾ ਤਰੀਕਾ ਲੱਭ ਸਕਦੇ ਹਾਂ। ਇਸ ਦਾ ਮੈਨੂੰ ਯਕੀਨ ਹੈ।