ਜੇਐੱਨਐੱਨ, ਨਵੀਂ ਦਿੱਲੀ : ਰਾਜਸਥਾਨ ਰਾਇਲਜ਼ ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਐਡੀਸ਼ਨ 'ਚ ਧਮਾਕੇਦਾਰ ਬੱਲੇਬਾਜ਼ੀ ਨਾਲ ਟੂਰਨਾਮੈਂਟ ਦਾ ਇਤਿਹਾਸ ਬਦਲ ਦਿੱਤਾ। ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਟੀਮ ਨੇ ਹੁਣ ਤਕ ਦਾ ਸਭ ਤੋਂ ਵੱਡਾ ਟੀਚਾ ਹਾਸਲ ਕਰ ਕੇ ਕਮਾਲ ਕਰ ਦਿਖਾਇਆ। ਪੰਜਾਬ ਨੇ ਮਯੰਕ ਅਗਰਵਾਲ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਦੋ ਵਿਕਟਾਂ 'ਤੇ 223 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ। ਇਸ ਤੋਂ ਬਾਅਦ ਸੰਜੂ ਸੈਮਸਨ ਤੇ ਰਾਹੁਲ ਤੇਵਤੀਆ ਦੀ ਬਿਹਤਰੀਨ ਬੱਲੇਬਾਜ਼ੀ ਦੇ ਦਮ 'ਤੇ ਰਾਜਸਥਾਨ ਨੇ ਆਖ਼ਰੀ ਓਵਰ ਦੀਆਂ ਤਿੰਨ ਗੇਂਦਾਂ ਬਾਕੀ ਰਹਿੰਦਿਆਂ ਇਸ ਟੀਚੇ ਨੂੰ ਹਾਸਲ ਕਰ ਕੇ ਚਾਰ ਵਿਕਟਾਂ ਨਾਲ ਜਿੱਤ ਹਾਸਲ ਕੀਤੀ।

ਇਸ ਤੋਂ ਪਹਿਲਾਂ ਵੱਡਾ ਸਕੋਰ ਹਾਸਲ ਕਰ ਕੇ ਜਿੱਤਣ ਦਾ ਰਿਕਾਰਡ ਰਾਜਸਥਾਨ ਰਾਇਲਜ਼ ਦੇ ਨਾਂ 'ਤੇ ਹੀ ਦਰਜ ਸੀ। 2008 ਵਿਚ ਡੇਕਨ ਚਾਰਜਰਸ ਦੇ ਖ਼ਿਲਾਫ਼ 217 ਦੌੜਾਂ ਬਣਾ ਕੇ ਟੀਮ ਨੇ ਜਿੱਤ ਹਾਸਲ ਕੀਤੀ ਸੀ। ਹੁਣ ਉਨ੍ਹਾਂ ਨੇ ਪੰਜਾਬ ਖ਼ਿਲਾਫ਼ 224 ਦੌੜਾਂ ਦਾ ਟੀਚਾ ਹਾਸਲ ਕਰਦੇ ਹੋਏ ਆਪਣੇ ਹੀ ਰਿਕਾਰਡ ਨੂੰ ਹੋਰ ਬਿਹਤਰ ਕੀਤਾ ਹੈ। ਇਸ ਤੋਂ ਬਾਅਦ ਦਿੱਲੀ ਦੀ ਟੀਮ ਹੈ ਜਦ ਟੀਮ ਦਾ ਨਾਂ ਦਿੱਲੀ ਡੇਅਰਡੇਵਿਲਜ਼ ਹੋਇਆ ਕਰਦਾ ਸੀ ਤਾਂ ਉਸ ਨੇ 2017 ਵਿਚ 214 ਦੌੜਾਂ ਬਣਾ ਕੇ ਗੁਜਰਾਤ ਲਾਇਨਜ਼ ਖ਼ਿਲਾਫ਼ ਜਿੱਤ ਹਾਸਲ ਕੀਤੀ ਸੀ।

Posted By: Sunil Thapa