ਜੇਐੱਨਐੱਨ, ਕੋਲਕਾਤਾ : ਕ੍ਰਿਕਟ ਵਿਸ਼ਵ ਕੱਪ ਸੈਮੀਫਾਈਨਲ ਦੇ ਫ਼ੈਸਲਾਕੁੰਨ ਪਲਾਂ 'ਚ ਧੋਨੀ ਦੇ ਰਨ ਆਊਟ ਹੋਣ ਨਾਲ ਪੱਛਮੀ ਬੰਗਾਲ ਦੇ ਹੁਗਲੀ ਵਿਚ ਉਨ੍ਹਾਂ ਦੇ ਇਕ ਸਮਰਥਕ ਨੂੰ ਅਜਿਹਾ ਸਦਮਾ ਲੱਗਾ ਕਿ ਉਸ ਦੀ ਜਾਨ ਹੀ ਚਲੀ ਗਈ। ਮਿ੍ਤਕ ਦਾ ਨਾਮ ਸ੍ਰੀਕਾਂਤ ਮਾਇਤੀ (33) ਹੈ। ਜਾਣਕਾਰੀ ਅਨੁਸਾਰ ਸ੍ਰੀਕਾਂਤ ਘਰ 'ਚ ਪਰਿਵਾਰ ਦੇ ਮੈਂਬਰਾਂ ਨਾਲ ਬੁੱਧਵਾਰ ਨੂੰ ਭਾਰਤ-ਨਿਊਜ਼ੀਲੈਂਡ ਦਾ ਵਿਸ਼ਵ ਕ੍ਰਿਕਟ ਕੱਪ ਸੈਮੀਫਾਈਨਲ ਮੈਚ ਦੇਖ ਰਹੇ ਸਨ। ਭਾਰਤ ਨੂੰ ਲੱਗੇ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਜਦ ਰਵਿੰਦਰ ਜਡੇਜਾ ਅਤੇ ਮਹਿੰਦਰ ਸਿੰਘ ਧੋਨੀ ਕ੍ਰੀਜ਼ 'ਤੇ ਟਿਕ ਗਏ ਸਨ, ਉਦੋਂ ਸਮੁੱਚੇ ਦੇਸ਼ਵਾਸੀਆਂ ਦੀ ਤਰ੍ਹਾਂ ਸ੍ਰੀਕਾਂਤ ਵਿਚ ਵੀ ਭਾਰਤ ਦੇ ਫਾਈਨਲ ਵਿਚ ਪੁੱਜਣ ਦੀ ਉਮੀਦ ਜਗੀ ਸੀ ਪਰ ਉਦੋਂ ਧੋਨੀ ਰਨਆਊਟ ਹੋ ਗਏ। ਇਹ ਦੇਖ ਕੇ ਸ੍ਰੀਕਾਂਤ ਦੁਖੀ ਹੋ ਗਏ। ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਥੋੜ੍ਹੀ ਦੇਰ ਵਿਚ ਬੇਸੁੱਧ ਹੋ ਗਏ। ਪਰਿਵਾਰਕ ਮੈਂਬਰ ਉਨ੍ਹਾਂ ਨੂੰ ਤੁਰੰਤ ਸਥਾਨਕ ਗ੍ਰਾਮੀਣ ਸਿਹਤ ਕੇਂਦਰ ਲੈ ਗਏ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ। ਡਾਕਟਰਾਂ ਮੁਤਾਬਕ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋਈ ਹੈ। ਸ੍ਰੀਕਾਂਤ ਸਾਈਕਲ ਗੈਰੇਜ਼ ਦੇ ਮਾਲਕ ਸਨ। ਉਨ੍ਹਾਂ ਨੂੰ ਕ੍ਰਿਕਟ ਕਾਫੀ ਪਸੰਦ ਸੀ। ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਸ੍ਰੀਕਾਂਤ ਨੇ ਵਿਸ਼ਵ ਕੱਪ ਵਿਚ ਟੀਮ ਇੰਡੀਆ ਦੇ ਸਾਰੇ ਮੈਚ ਦੇਖੇ ਸਨ। ਭਾਰਤ ਦੇ ਮੈਚ ਜਿੱਤਣ 'ਤੇ ਉਹ ਬਹੁਤ ਖ਼ੁਸ਼ੀ ਮਨਾਉਂਦੇ ਸਨ ਅਤੇ ਹਾਰਨ 'ਤੇ ਉਦਾਸ ਹੋ ਜਾਂਦੇ ਸਨ। ਭਾਰਤ ਦੇ ਸੈਮੀਫਾਈਨਲ ਵਿਚ ਪੁੱਜਣ ਤੋਂ ਬਾਅਦ ਸ੍ਰੀਕਾਂਤ ਭਾਰਤ ਦੇ ਵਿਸ਼ਵ ਕੱਪ ਜਿੱਤਣ ਨੂੰ ਲੈ ਕੇ ਬੇਹੱਦ ਭਰੋਸੇਮੰਦ ਸਨ।