ਅਲ ਅਮੀਰਾਤ (ਪੀਟੀਆਈ) : ਓਮਾਨ ਨੇ ਘਰੇਲੂ ਹਾਲਾਤ ਦਾ ਪੂਰਾ ਫ਼ਾਇਦਾ ਉਠਾਉਂਦੇ ਹੋਏ ਐਤਵਾਰ ਨੂੰ ਇੱਥੇ ਆਈਸੀਸੀ ਮਰਦ ਟੀ-20 ਵਿਸ਼ਵ ਕੱਪ ਦੇ ਉਦਘਾਟਨੀ ਮੈਚ ਵਿਚ ਪਪੂਆ ਨਿਊ ਗਿਨੀ (ਪੀਐੱਨਜੀ) ਨੂੰ 10 ਵਿਕਟਾਂ ਨਾਲ ਹਰਾਇਆ। ਪੰਜਾਬ ਦੇ ਲੁਧਿਆਣੇ 'ਚ ਜਨਮੇ ਜਤਿੰਦਰ ਸਿੰਘ ਨੇ ਛੱਕਾ ਲਾ ਕੇ ਓਮਾਨ ਨੂੰ ਜਿੱਤ ਦਿਵਾਈ। ਉਨ੍ਹਾਂ ਨੇ 42 ਗੇਂਦਾਂ 'ਤੇ ਸੱਤ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ ਅਜੇਤੂ 73 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਆਕਿਬ ਇਲਯਾਸ ਨੇ 43 ਗੇਂਦਾਂ 'ਚ ਪੰਜ ਚੌਕੇ ਤੇ ਇਕ ਛੱਕੇ ਨਾਲ ਅਜੇਤੂ 50 ਦੌੜਾਂ ਬਣਾਈਆਂ। ਦੋਵਾਂ ਨੇ ਪਹਿਲੀ ਵਿਕਟ ਲਈ 131 ਦੌੜਾਂ ਦੀ ਅਟੁੱਟ ਭਾਈਵਾਲੀ ਕੀਤੀ। ਜਿਸ ਕਾਰਨ ਓਮਾਨ ਨੇ 13.4 ਓਵਰਾਂ ਵਿਚ ਬਿਨਾਂ ਵਿਕਟ ਗੁਆਏ 131 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਪੀਐੱਨਜੀ ਨੇ ਕਪਤਾਨ ਅਸਦ ਵਲਾ ਦੀਆਂ 43 ਗੇਂਦਾਂ 'ਚ ਚਾਰ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 56 ਦੌੜਾਂ ਦੀ ਬਦੌਲਤ 20 ਓਵਰਾਂ 'ਚ ਨੌਂ ਵਿਕਟਾਂ 'ਤੇ 129 ਦੌੜਾਂ ਬਣਾਈਆਂ। ਓਮਾਨ ਦੇ ਕਪਤਾਨ ਜੀਸ਼ਾਨ ਮਕਸੂਦ ਨੇ ਆਪਣੀ ਿਫ਼ਰਕੀ ਦਾ ਕਮਾਲ ਦਿਖਾਉਂਦੇ ਹੋਏ 20 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਜਿਨ੍ਹਾਂ ਵਿਚ ਉਨ੍ਹਾਂ ਨੇ ਇਕ ਓਵਰ ਵਿਚ ਤਿੰਨ ਖਿਡਾਰੀਆਂ ਨੂੰ ਪਵੇਲੀਅਨ ਵੀ ਭੇਜਿਆ। ਉਨ੍ਹਾਂ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਟੀ-20 ਵਿਸ਼ਵ ਕੱਪ ਵਿਚ ਸ਼ੁਰੂਆਤ ਕਰ ਰਹੀ ਪੀਐੱਨਜੀ ਲਈ ਵਲਾ ਤੋਂ ਇਲਾਵਾ ਸਿਰਫ਼ ਚਾਰਲਸ ਅਮੀਨੀ (37) ਤੇ ਸੇਸੇ ਬਾਊ (13) ਹੀ ਦਹਾਈ ਦਾ ਅੰਕੜਾ ਛੂਹ ਸਕੇ। ਪੀਐੱਨਜੀ ਦੀ ਸ਼ੁਰੂਆਤ ਕਾਫ਼ੀ ਖ਼ਰਾਬ ਰਹੀ। ਉਸ ਨੇ 11 ਗੇਂਦਾਂ ਵਿਚ ਇਕ ਵੀ ਦੌੜ ਜੋੜੇ ਬਿਨਾਂ ਦੋਵੇਂ ਸਲਾਮੀ ਬੱਲੇਬਾਜ਼ਾਂ ਟੋਨੀ ਉਰਾ ਤੇ ਲੇਗਾ ਸਿਆਕਾ ਦੀਆਂ ਵਿਕਟਾਂ ਗੁਆ ਦਿੱਤੀਆਂ। ਬਿਲਾਲ ਖ਼ਾਨ ਨੇ ਪਾਰੀ ਦਾ ਪਹਿਲਾ ਓਵਰ ਮੇਡਨ ਸੁੱਟ ਕੇ ਇਕ ਵਿਕਟ ਹਾਸਲ ਕੀਤੀ। ਦੂਜੇ ਓਵਰ ਵਿਚ ਕਲੀਮੁੱਲ੍ਹਾ ਨੇ ਪੀਐੱਨਜੀ ਨੂੰ ਦੂਜਾ ਝਟਕਾ ਦਿੱਤਾ ਤੇ ਆਖ਼ਰੀ ਗੇਂਦ 'ਤੇ ਇਕ ਦੌੜ ਲੈ ਕੇ ਪੀਐੱਨਜੀ ਲਈ ਪਾਰੀ ਦੀ ਪਹਿਲੀ ਦੌੜ ਬਣਾਈ। ਇਸ ਤੋਂ ਬਾਅਦ ਕਪਤਾਨ ਵਲਾ ਤੇ ਅਮੀਨੀ ਨੇ 60 ਗੇਂਦਾਂ ਵਿਚ 81 ਦੌੜਾਂ ਦੀ ਭਾਈਵਾਲੀ ਕਰ ਕੇ ਆਪਣੀ ਟੀਮ ਨੂੰ ਸਨਮਾਨਜਨਕ ਸਕੋਰ ਵੱਲ ਵਧਾਇਆ। ਮੁਹੰਮਦ ਨਦੀਮ ਨੇ 12ਵੇਂ ਓਵਰ ਵਿਚ ਅਮੀਨੀ ਨੂੰ ਰਨ ਆਊਟ ਕਰ ਕੇ ਇਸ ਭਾਈਵਾਲੀ ਨੂੰ ਤੋੜਿਆ। ਵਲਾ ਨੇ ਅਗਲੇ ਓਵਰ ਵਿਚ ਮਕਸੂਦ 'ਤੇ ਲਗਾਤਾਰ ਇਕ ਚੌਕਾ ਤੇ ਇਕ ਛੱਕਾ ਲਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਵਲਾ ਨੂੰ 15ਵੇਂ ਓਵਰ ਵਿਚ ਕਲੀਮੁੱਲ੍ਹਾ ਨੇ ਆਊਟ ਕੀਤਾ। ਸੇਸੇ ਬਾਊ (13) ਨੇ ਕਲੀਮੁੱਲ੍ਹਾ ਦੀਆਂ ਆਖ਼ਰੀ ਦੋ ਗੇਂਦਾਂ 'ਤੇ ਦੋ ਚੌਕੇ ਲਾਏ। ਓਮਾਨ ਦੇ ਕਪਤਾਨ ਮਕਸੂਦ ਨੇ 16ਵੇਂ ਓਵਰ ਵਿਚ ਤਿੰਨ ਵਿਕਟਾਂ ਲੈ ਕੇ ਆਪਣੀ ਟੀਮ ਦੀ ਵਾਪਸੀ ਕਰਵਾਈ।