ਕ੍ਰਾਈਸਟਚਰਚ (ਪੀਟੀਆਈ) : ਖ਼ਰਾਬ ਮੌਸਮ ਨਾਲ ਪਰੇਸ਼ਾਨ ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਖ਼ਿਲਾਫ਼ ਬੁੱਧਵਾਰ ਨੂੰ ਆਖ਼ਰੀ ਵਨ ਡੇ ਵਿਚ ਉਮੀਦ ਕਰੇਗੀ ਕਿ ਬਾਰਿਸ਼ ਨਾ ਹੋਵੇ ਤਾਂਕਿ ਉਸ ਨੂੰ ਸੀਰੀਜ਼ ਵਿਚ ਬਰਾਬਰੀ ਕਰਨ ਦਾ ਮੌਕਾ ਮਿਲ ਸਕੇ। ਕ੍ਰਾਈਸਟਚਰਚ ਵਿਚ ਬਾਰਿਸ਼ ਹੋ ਸਕਦੀ ਹੈ ਤੇ ਜੇ ਅਜਿਹਾ ਹੋਇਆ ਤਾਂ ਭਾਰਤੀ ਟੀਮ ਦੇ ਨੌਜਵਾਨ ਕ੍ਰਿਕਟਰਾਂ ਲਈ ਇਸ ਤੋਂ ਨਿਰਾਸ਼ਾਜਨਕ ਕੁਝ ਨਹੀਂ ਹੋਵੇਗਾ। ਸੀਮਿਤ ਓਵਰਾਂ ਦੇ ਪੰਜ ਮੈਚਾਂ ਵਿਚੋਂ ਇਕ ਵਨ ਡੇ ਤੇ ਇਕ ਟੀ-20 ਬੇਨਤੀਜਾ ਰਹੇ ਤੇ ਇਕ ਟੀ-20 ਬਾਰਿਸ਼ ਕਾਰਨ ਡਕਵਰਥ ਲੁਇਸ ਪ੍ਰਣਾਲੀ ਦੇ ਆਧਾਰ 'ਤੇ ਟਾਈ ਹੋ ਗਿਆ।

ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਪਿੱਚ :

ਸ਼ਿਖਰ ਧਵਨ ਦੀ ਟੀਮ ਆਖ਼ਰੀ ਵਨ ਡੇ ਜਿੱਤ ਕੇ ਸੀਰੀਜ਼ ਵਿਚ ਬਰਾਬਰੀ ਕਰਨਾ ਚਾਹੇਗੀ। ਹੇਗਲੇ ਓਵਲ ਮੈਦਾਨ ਰਵਾਇਤੀ ਤੌਰ 'ਤੇ ਤੇਜ਼ ਗੇਂਦਬਾਜ਼ਾਂ ਦਾ ਮਦਦਗਾਰ ਰਿਹਾ ਹੈ ਤੇ ਇੱਥੇ ਪਿਛਲੇ ਕੁਝ ਸਾਲ ਵਿਚ ਅੌਸਤ ਸਕੋਰ 230 ਰਿਹਾ ਹੈ।

ਪਾਵਰਪਲੇਅ ਦਾ ਉਠਾਉਣਾ ਪਵੇਗਾ ਲਾਭ :

ਪਹਿਲੇ ਪਾਵਰਪਲੇਅ (ਪਹਿਲੇ ਦਸ ਓਵਰ) ਵਿਚ ਭਾਰਤੀ ਬੱਲੇਬਾਜ਼ੀ ਚਰਚਾ ਦਾ ਵਿਸ਼ਾ ਰਹੀ ਹੈ। ਟੀਮ ਪਿਛਲੇ ਦਿਨਾਂ ਵਿਚ ਇਸ ਦਾ ਇਸਤੇਮਾਲ ਬਿਹਤਰ ਤਰੀਕੇ ਨਾਲ ਨਹੀਂ ਕਰ ਪਾ ਰਹੀ ਹੈ। ਪਹਿਲੇ ਵਨ ਡੇ ਵਿਚ ਸਲਾਮੀ ਬੱਲੇਬਾਜ਼ਾਂ ਨੇ ਹੌਲੀ ਬੱਲੇਬਾਜ਼ੀ ਕੀਤੀ ਸੀ ਜਿਸ ਦਾ ਨੁਕਸਾਨ ਉਸ ਨੂੰ ਉਠਾਉਣਾ ਪਿਆ ਸੀ। ਭਾਰਤ ਨੇ ਵੱਡਾ ਸਕੋਰ ਬਣਾਉਣਾ ਹੈ ਤਾਂ ਸੂਰਿਆ ਕੁਮਾਰ ਯਾਦਵ ਤੇ ਰਿਸ਼ਭ ਪੰਤ ਵਰਗੇ ਬੱਲੇਬਾਜ਼ਾਂ ਨੂੰ ਚੰਗੀਆਂ ਪਾਰੀਆਂ ਖੇਡਣੀਆਂ ਪੈਣਗੀਆਂ। ਪੰਤ ਦਾ ਵਨ ਡੇ ਰਿਕਾਰਡ ਕਾਫੀ ਵਧੀਆ ਹੈ ਪਰ ਇੰਗਲੈਂਡ ਦੌਰੇ ਤੋਂ ਬਾਅਦ ਤੋਂ ਉਹ ਦੌੜਾਂ ਨਹੀਂ ਬਣਾ ਸਕੇ। ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦੇ ਸਾਹਮਣੇ ਮੱਧ ਕ੍ਰਮ ਨੂੰ ਸਥਿਰਤਾ ਦੇਣ ਲਈ ਉਨ੍ਹਾਂ ਦੇ ਬੱਲੇ ਤੋਂ ਦੌੜਾਂ ਨਿਕਲਣਾ ਜ਼ਰੂਰੀ ਹੈ। ਪੰਤ ਦੇ ਖੇਡਣ ਤੇ ਮਾਹਿਰ ਬੱਲੇਬਾਜ਼ਾਂ ਵਿਚ ਗੇਂਦਬਾਜ਼ੀ ਬਦਲਾਂ ਦੀ ਥੁੜ੍ਹ ਦੇ ਮਾਅਨੇ ਹਨ ਕਿ ਸੰਜੂ ਸੈਮਸਨ ਨੂੰ ਇਕ ਵਾਰ ਮੁੜ ਬਾਹਰ ਬੈਠਣਾ ਪਵੇਗਾ। ਪਿਛਲੇ ਮੈਚ ਵਿਚ ਹਰਫ਼ਨਮੌਲਾ ਹੋਣ ਕਾਰਨ ਦੀਪਕ ਹੁੱਡਾ ਨੂੰ ਉਨ੍ਹਾਂ 'ਤੇ ਤਰਜੀਹ ਦਿੱਤੀ ਗਈ ਸੀ।

ਆਖ਼ਰੀ ਇਲੈਵਨ ਵਿਚ ਹੋਵੇਗੀ ਤਬਦੀਲੀ :

ਪਿਛਲਾ ਮੈਚ ਰੱਦ ਹੋਣ ਕਾਰਨ ਇਹ ਦੇਖਣਾ ਪਵੇਗਾ ਕਿ ਆਰਜ਼ੀ ਮੁੱਖ ਕੋਚ ਵੀਵੀਐੱਸ ਲਕਸ਼ਮਣ ਆਖ਼ਰੀ ਇਲੈਵਨ ਵਿਚ ਕੋਈ ਤਬਦੀਲੀ ਕਰਦੇ ਹਨ ਜਾਂ ਨਹੀਂ। ਸਪਿੰਨਰ ਕੁਲਦੀਪ ਯਾਦਵ ਨੂੰ ਵੀ ਅਜੇ ਤਕ ਮੌਕਾ ਨਹੀਂ ਮਿਲਿਆ ਹੈ। ਵੈਸੇ ਯੁਜਵਿੰਦਰ ਸਿੰਘ ਚਹਿਲ ਜਾਂ ਵਾਸ਼ਿੰਗਟਨ ਸੁੰਦਰ ਨੂੰ ਬਾਹਰ ਕਰਨਾ ਉਨ੍ਹਾਂ ਦੇ ਨਾਲ ਜ਼ਿਆਦਤੀ ਹੋਵੇਗੀ। ਸ਼ਾਰਦੁਲ ਠਾਕੁਰ ਪਹਿਲੇ ਵਨ ਡੇ ਵਿਚ ਕੋਈ ਕਮਾਲ ਨਹੀਂ ਕਰ ਸਕੇ ਲਿਹਾਜ਼ਾ ਅਰਸ਼ਦੀਪ ਸਿੰਘ, ਦੀਪਕ ਚਾਹਰ ਤੇ ਉਮਰਾਨ ਮਲਿਕ ਹੀ ਤੇਜ਼ ਹਮਲੇ ਦੀ ਕਮਾਨ ਸੰਭਾਲਣਗੇ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ :

ਭਾਰਤ :

ਸ਼ਿਖਰ ਧਵਨ (ਕਪਤਾਨ), ਸ਼ੁਭਮਨ ਗਿੱਲ, ਸੂਰਿਆ ਕੁਮਾਰ ਯਾਦਵ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਦੀਪਕ ਹੁੱਡਾ, ਸ਼ਾਹਬਾਜ਼ ਅਹਿਮਦ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਯੁਜਵਿੰਦਰ ਸਿੰਘ ਚਹਿਲ, ਦੀਪਕ ਚਾਹਰ, ਅਰਸ਼ਦੀਪ ਸਿੰਘ, ਸ਼ਾਰਦੁਲ ਠਾਕੁਰ ਤੇ ਉਮਰਾਨ ਮਲਿਕ।

ਨਿਊਜ਼ੀਲੈਂਡ :

ਕੇਨ ਵਿਲੀਅਮਸਨ (ਕਪਤਾਨ), ਫਿਨ ਏਲੇਨ, ਡੇਵਿਨ ਕਾਨਵੇ, ਟਾਮ ਲਾਥਮ, ਡੇਰਿਲ ਮਿਸ਼ੇਲ, ਗਲੇਨ ਫਿਲਿਪਸ, ਮਾਈਕਲ ਬ੍ਰੇਸਵੇਲ, ਟਿਮ ਸਾਊਥੀ, ਮੈਟ ਹੈਨਰੀ, ਐਡਮ ਮਿਲਨੇ, ਜੇਮਜ਼ ਨੀਸ਼ਾਮ, ਮਿਸ਼ੇਲ ਸੈਂਟਨਰ ਤੇ ਲਾਕੀ ਫਰਗਿਊਸਨ।