ਮੈਲਬੌਰਨ (ਏਜੰਸੀ) : ਆਸਟ੍ਰੇਲੀਆਈ ਖਿਡਾਰੀ ਐਲੇਕਸ ਕੈਰੀ ਤੇ ਨਾਥਨ ਕੂਲਟਰ ਨਾਈਲ ਆਈਪੀਐੱਲ ਦੀਆਂ ਆਪਣੀਆਂ ਫਰੈਂਚਾਈਜ਼ੀ ਟੀਮਾਂ ਵੱਲੋਂ ਰਿਲੀਜ਼ ਕੀਤੇ ਜਾਣ ਨਾਲ ਹੈਰਾਨ ਨਹੀਂ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਗਲੈਮਰ ਨਾਲ ਭਰੀ ਇਸ ਲੀਗ ਦੇ ਅਗਲੇ ਸੈਸ਼ਨ ਵਿਚ ਉਨ੍ਹਾਂ ਨੂੰ ਬਿਹਤਰ ਟੀਮ ਮਿਲੇਗੀ। ਵਿਕਟਕੀਪਰ ਬੱਲੇਬਾਜ਼ ਕੈਰੀ ਨੂੰ ਪਿਛਲੇ ਸੈਸ਼ਨ ਦੀ ਉੱਪ ਜੇਤੂ ਦਿੱਲੀ ਕੈਪੀਟਲਜ਼ ਨੇ ਵੀਰਵਾਰ ਨੂੰ ਰਿਲੀਜ਼ ਕੀਤਾ ਜਦਕਿ ਕੂਲਟਰ-ਨਾਈਲ ਨੂੰ ਮੁੰਬਈ ਇੰਡੀਅਨਜ਼ ਨੇ ਰਿਲੀਜ਼ ਕੀਤਾ। ਕੈਰੀ ਨੇ ਕਿਹਾ ਕਿ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਮੈਨੂੰ ਬਹੁਤ ਵੱਧ ਕ੍ਰਿਕਟ (ਆਈਪੀਐੱਲ) ਖੇਡਣ ਨੂੰ ਨਹੀਂ ਮਿਲੀ ਤੇ ਤੁਹਾਨੂੰ ਇਨ੍ਹਾਂ ਚੀਜ਼ਾਂ ਬਾਰੇ ਅੰਦਾਜ਼ਾ ਹੋ ਜਾਂਦਾ ਹੈ। ਇਸ ਕਾਰਨ ਕਿਸੇ ਹੋਰ ਵੱਲੋਂ ਉਹ ਥਾਂ ਭਰਾਉਣਾ ਸਮਝ ਵਿਚ ਆਉਂਦਾ ਹੈ। ਬੀਤੇ ਆਈਪੀਐੱਲ ਸੈਸ਼ਨ ਵਿਚ ਸਿਰਫ਼ ਤਿੰਨ ਮੈਚ ਖੇਡਣ ਵਾਲੇ ਇਸ ਖਿਡਾਰੀ ਨੇ ਕਿਹਾ ਕਿ ਉਮੀਦ ਹੈ ਕਿ ਇਸ ਸਾਲ ਦੀ ਨਿਲਾਮੀ ਵਿਚ ਮੁੜ ਮੌਕਾ ਮਿਲੇਗਾ। ਮੈਂ ਟੀਮ ਵਿਚ ਥਾਂ ਦੇਣ ਲਈ ਦਿੱਲੀ ਕੈਪੀਟਲਜ਼ ਤੇ ਪੋਂਟਿੰਗ ਦਾ ਅਸਲ ਵਿਚ ਧੰਨਵਾਦੀ ਹਾਂ। ਪਿਛਲੇ ਸੈਸ਼ਨ ਦੇ ਫਾਈਨਲ ਵਿਚ 29 ਦੌੜਾਂ ਦੇ ਕੇ ਦੋ ਵਿਕਟਾਂ ਲੈਣ ਦੇ ਬਾਵਜੂਦ ਟੀਮ ਤੋਂ ਰਿਲੀਜ਼ ਕੀਤੇ ਗਏ ਕੂਲਟਰ ਨਾਈਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਉਮੀਦ ਸੀ। ਪੰਜ ਵਾਰ ਦੀ ਚੈਂਪੀਅਨ ਟੀਮ ਤੋਂ ਮੈਂ ਇਸ ਗੱਲ ਦੀ ਉਮੀਦ ਕਰ ਰਿਹਾ ਸੀ ਕਿ ਅਜਿਹਾ ਹੋਵੇਗਾ। ਉਮੀਦ ਹੈ ਕਿ ਇਸ ਵਾਰ ਮੁੜ ਕੋਈ ਟੀਮ ਮੈਨੂੰ ਚੁਣੇਗੀ।