ਜੇਐੱਨਐੱਨ, ਅਹਿਮਦਾਬਾਦ : ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦਾ ਮੰਨਣਾ ਹੈ ਕਿ ਸਰਦਾਰ ਪਟੇਲ ਮੋਟੇਰਾ ਸਟੇਡੀਅਮ ਦੀ ਨਵੀਂ ਤਿਆਰ ਕੀਤੀ ਗਈ ਪਿੱਚ 'ਤੇ ਅਜੇ ਭਾਵੇਂ ਹਰਿਆ ਘਾਹ ਦਿਖਾਈ ਦੇ ਰਿਹਾ ਹੈ ਪਰ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਭਾਰਤ ਖ਼ਿਲਾਫ਼ ਡੇ-ਨਾਈਟ ਟੈਸਟ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੂੰ ਕੱਟ ਦਿੱਤਾ ਜਾਵੇਗਾ।

ਭਾਰਤ ਤੇ ਇੰਗਲੈਂਡ ਵਿਚਾਲੇ ਤੀਸਰਾ ਟੈਸਟ ਮੈਚ ਬੁੱਧਵਾਰ ਨੂੰ ਦੁਧੀਆ ਰੋਸ਼ਨੀ 'ਚ ਖੇਡਿਆ ਜਾਵੇਗਾ। ਐਂਡਰਸਨ ਦਾ ਮੰਨਣਾ ਹੈ ਕਿ ਮੋਟੇਰਾ ਦੀ ਪਿੱਚ ਚੇਪਕ 'ਚ ਖੇਡੇ ਗਏ ਦੂਸਰੇ ਟੈਸਟ ਮੈਚ ਦੀ ਪਿੱਚ ਤੋਂ ਬਹੁਤੀ ਵੱਖਰੀ ਨਹੀਂ ਹੋਵੇਗੀ। ਇੰਗਲੈਂਡ ਨੇ ਦੂਸਰਾ ਟੈਸਟ 317 ਦੌੜਾਂ ਨਾਲ ਗੁਆਇਆ ਸੀ।

ਐਂਡਰਸਨ ਨੇ ਕਿਹਾ, 'ਪਿੱਚ 'ਤੇ ਅਜੇ ਘਾਹ ਹੈ ਪਰ ਮੈਨੂੰ ਪੂਰਾ ਭਰੋਸਾ ਹੈ ਕਿ ਜਦੋਂ ਅਸੀਂ ਮੈਚ ਖੇਡਣ ਲਈ ਮੈਦਾਨ 'ਤੇ ਉਤਰਾਂਗੇ ਤਾਂ ਪਿੱਚ 'ਤੇ ਇਹ ਘਾਹ ਨਹੀਂ ਹੋਵੇਗਾ। ਇਸ ਲਈ ਸਾਨੂੰ ਇੰਤਜਾਰ ਕਰਨਾ ਪਵੇਗਾ। ਇਕ ਤੇਜ਼ ਗੇਂਦਬਾਜ਼ ਹੋਣ ਦੇ ਨਾਤੇ ਸਾਨੂੰ ਹਰ ਤਰ੍ਹਾਂ ਦੇ ਹਾਲਾਤ 'ਚ ਆਪਣੀ ਸਰਬੋਤਮ ਗੇਂਦਬਾਜ਼ੀ ਕਰਨ ਲਈ ਤਿਆਰ ਰਹਿਣਾ ਪਵੇਗਾ। ਜੇ ਸਵਿੰਗ ਮਿਲਦਾ ਹੈ ਤਾਂ ਇਹ ਸ਼ਾਨਦਾਰ ਹੋਵੇਗਾ। ਜੇ ਅਜਿਹਾ ਨਹੀਂ ਹੁੰਦਾ ਤਾਂ ਸਾਨੂੰ ਉਦੋਂ ਵੀ ਆਪਣੀ ਭੂਮਿਕਾ ਨਿਭਾਉਣੀ ਹੋਵੇਗੀ।'

ਐਂਡਰਸਨ ਨੇ ਕਿਹਾ ਕਿ ਉਨ੍ਹਾਂ ਨੇ ਗੁਲਾਬੀ ਐੱਸਜੀ ਗੇਂਦ ਨਾਲ ਨੈੱਟ ਪ੍ਰੈਕਟਿਸ ਦੌਰਾਨ ਗੇਂਦਬਾਜ਼ੀ ਕੀਤੀ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਲਾਲ ਐੱਸਜੀ ਗੇਂਦ ਦੇ ਮੁਕਾਬਲੇ ਜ਼ਿਆਦਾ ਸਵਿੰਗ ਕਰਦੀ ਹੈ। ਉਨ੍ਹਾਂ ਕਿਹਾ, 'ਇਹ ਭਾਰਤ 'ਚ ਗੁਲਾਬੀ ਗੇਂਦ ਦਾ ਦੂਸਰਾ ਤੇ ਫਰਵਰੀ 'ਚ ਪਹਿਲਾ ਟੈਸਟ ਮੈਚ ਹੋਵੇਗਾ। ਇਸ ਲਈ ਅਸੀਂ ਨਹੀਂ ਜਾਣਦੇ ਕਿ ਇਹ ਕਿਹੋ ਜਿਹਾ ਵਤੀਰਾ ਕਰੇਗੀ।'

ਐਂਡਰਸਨ ਨੇ ਇਸ ਦੇ ਨਾਲ ਹੀ ਇੰਗਲੈਂਡ ਐਂਡ ਵੇਲਸ ਕਿ੍ਕਟ ਬੋਰਡ (ਈਸੀਬੀ) ਦੀ ਰੋਟੇਸ਼ਨ ਪਾਲਿਸੀ ਦਾ ਬਚਾਅ ਕਰਦੇ ਹੋਏ ਆਲੋਚਕਾਂ ਨੂੰ ਟੀਮ ਦੇ ਰੁਝੇਵੇਂ ਭਰੇ ਪ੍ਰੋਗਰਾਮ ਨੂੰ ਦੇਖਦੇ ਹੋਏ ਇਸ ਦੀ ਵਿਆਪਕ ਤਸਵੀਰ 'ਤੇ ਗੌਰ ਕਰਨ ਦੀ ਬੇਨਤੀ ਕੀਤੀ। ਇੰਗਲੈਂਡ ਨੇ ਰੋਟੇਸ਼ਨ ਨੀਤੀ ਤਹਿਤ ਜੌਨੀ ਬੇਅਰਸਟੋ ਤੇ ਮਾਰਕ ਵੁੱਡ ਨੂੰ ਭਾਰਤ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ 'ਚੋਂ ਬਾਹਰ ਰੱਖਿਆ ਤੇ ਹੁਣ ਆਖ਼ਰੀ ਦੋ ਟੈਸਟ ਮੈਚਾਂ ਲਈ ਉਨ੍ਹਾਂ ਦੀ ਵਾਪਸੀ ਹੋਈ ਹੈ। ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਪਹਿਲੇ ਟੈਸਟ ਮੈਚ ਤੋਂ ਬਾਅਦ, ਜਦੋਂਕਿ ਆਲਰਾਊਂਡਰ ਮੋਈਨ ਅਲੀ ਦੂਸਰੇ ਮੈਚ ਤੋਂ ਬਾਅਦ ਵਤਨ ਵਾਪਸ ਚਲੇ ਗਏ। ਐਂਡਰਸਨ ਨੇ ਕਿਹਾ, 'ਤੁਹਾਨੂੰ ਵਿਆਪਕ ਤਸਵੀਰ 'ਤੇ ਗੌਰ ਕਰਨਾ ਚਾਹੀਦਾ ਹੈ। ਇਸ ਦੇ ਪਿੱਛੇ ਵਿਚਾਰ ਇਹ ਹੈ ਸੀ ਕਿ ਜੇ ਮੈਂ ਉਸ ਟੈਸਟ (ਦੂਸਰੇ ਮੈਚ) 'ਚ ਨਾ ਖੇਡ ਪਾਉਂਦਾ ਤਾਂ ਇਸ ਨਾਲ ਮੈਨੂੰ ਗੁਲਾਬੀ ਗੇਂਦ ਨਾਲ ਹੋਣ ਵਾਲੇ ਟੈਸਟ ਲਈ ਵੱਧ ਫਿੱਟ ਹੋ ਕੇ ਮੈਦਾਨ 'ਤੇ ਉਤਰਨ ਦਾ ਮੌਕਾ ਮਿਲੇਗਾ।'

ਕੇਵਿਨ ਪੀਟਰਸਨ ਸਮੇਤ ਕਈ ਸਾਬਕਾ ਖਿਡਾਰੀਆਂ ਨੇ ਈਸੀਬੀ ਦੀ ਨੀਤੀ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਉਸ ਨੂੰ ਭਾਰਤ ਖ਼ਿਲਾਫ਼ ਇਸ ਵੱਡੀ ਸੀਰੀਜ਼ 'ਚ ਆਪਣੇ ਸਰਬੋਤਮ ਖਿਡਾਰੀ ਮੈਦਾਨ 'ਤੇ ਉਤਾਰਨੇ ਚਾਰੀਦੇ ਹਨ। ਐਂਡਰਸਨ ਸੀਰੀਜ਼ ਦੇ ਪਹਿਲੇ ਮੈਚ 'ਚ ਖੇਡੇ ਤੇ ਉਨ੍ਹਾਂ ਪੰਜ ਵਿਕਟਾਂ ਲੈ ਕੇ ਇੰਗਲੈਂਡ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਦੂਸਰੇ ਮੈਚ 'ਚ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, 'ਮੈਂ ਚੰਗਾ ਤੇ ਤਰੋ-ਤਾਜ਼ਾ ਮਹਿਸੂਸ ਕਰ ਰਿਹਾ ਹਾਂ ਤੇ ਮੌਕਾ ਮਿਲਣ 'ਤੇ ਫਿਰ ਤੋਂ ਖੇਡਣ ਲਈ ਤਿਆਰ ਹਾਂ। ਇਹ ਇਕ ਹੱਦ ਤਕ ਨਿਰਾਸ਼ ਕਰਨ ਵਾਲਾ ਹੈ ਪਰ ਅਸੀਂ ਜਿੰਨੀ ਜ਼ਿਆਦਾ ਕ੍ਰਿਕਟ ਖੇਡਣੀ ਹੈ ਉਸ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਵੱਡੀ ਤਸਵੀਰ 'ਤੇ ਗੌਰ ਕਰ ਸਕਦਾ ਹਾਂ। ਇਹ ਸਿਰਫ ਮੇਰੇ ਲਈ ਨਹੀਂ, ਸਾਰੇ ਗੇਂਦਬਾਜ਼ਾਂ ਲਈ ਬਰਾਬਰ ਹੈ। ਅਸੀਂ ਇਸ ਸਾਲ 17 ਟੈਸਟ ਮੈਚ ਖੇਡਣੇ ਹਨ ਤੇ ਇਨ੍ਹਾਂ ਲਈ ਆਪਣੇ ਸਰਬੋਤਮ ਖਿਡਾਰੀਆਂ ਨੂੰ ਫਿੱਟ ਤੇ ਤਰੋ-ਤਾਜ਼ਾ ਰੱਖਣ ਦਾ ਸਰਬੋਤਮ ਤਰੀਕਾ ਇਹੀ ਹੈ ਕਿ ਉਨ੍ਹਾਂ ਨੂੰ ਵਿਚ-ਵਿਚ ਥੋੜਾ ਆਰਾਮ ਦਿੱਤਾ ਜਾਵੇ।'

Posted By: Susheel Khanna