ਤਿਰੂਵਨੰਤਪੁਰਮ (ਜੇਐੱਨਐੱਨ) : ਗੇਂਦਬਾਜ਼ ਨਿਧੀਸ਼ ਦੀਆਂ ਸੱਤ ਵਿਕਟਾਂ ਦੀ ਬਦੌਲਤ ਕੇਰਲ ਨੇ ਰਣਜੀ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਪੰਜਾਬ ਦੀ ਪਹਿਲੀ ਪਾਰੀ 65.4 ਓਵਰਾਂ ਵਿਚ 218 ਦੌੜਾਂ 'ਤੇ ਸਮੇਟ ਦਿੱਤੀ। ਉਥੇ ਦੂਜੀ ਪਾਰੀ ਵਿਚ ਕੇਰਲ ਨੇ ਵੀ 88 ਦੌੜਾਂ 'ਤੇ ਪੰਜ ਵਿਕਟਾਂ ਗੁਆ ਦਿੱਤੀਆਂ। ਇਸ ਵਿਚ ਪੰਜਾਬ ਦੇ ਗੁਰਕੀਰਤ ਸਿੰਘ ਨੇ ਹੀ ਚਾਰ ਵਿਕਟਾਂ ਹਾਸਲ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਦੂਜੇ ਦਿਨ ਦੀ ਖੇਡ ਸਮਾਪਤ ਹੋਣ ਤਕ ਕੇਰਲ ਦੇ ਮੁਹੰਮਦ ਅਜ਼ਹਰੂਦੀਨ (08) ਤੇ ਨਿਜਰ (07) ਮੈਦਾਨ 'ਤੇ ਡਟੇ ਹੋਏ ਸਨ। ਸ਼ਨਿਚਰਵਾਰ ਨੂੰ ਪੰਜਾਬ ਨੇ ਕੇਰਲ ਦੀ ਪੂਰੀ ਟੀਮ ਨੂੰ 227 ਦੌੜਾਂ 'ਤੇ ਪਵੇਲੀਅਨ ਭੇਜ ਦਿੱਤਾ ਸੀ। ਐਤਵਾਰ ਨੂੰ ਪੰਜਾਬ ਦੀ ਟੀਮ ਦੋ ਵਿਕਟਾਂ 'ਤੇ 46 ਦੌੜਾਂ ਤੋਂ ਅੱਗੇ ਖੇਡਣ ਉਤਰੀ। ਕਪਤਾਨ ਮਨਦੀਪ ਸਿੰਘ ਨੇ 143 ਗੇਂਦਾਂ ਵਿਚ ਅੱਠ ਚੌਕਿਆਂ ਦੀ ਮਦਦ ਨਾਲ 71 ਦੌੜਾਂ ਦੀ ਪਾਰੀ ਖੇਡੀ।

ਉਨ੍ਹਾਂ ਤੋਂ ਇਲਾਵਾ ਗੁਰਕੀਰਤ ਸਿੰਘ ਨੇ 37, ਅਨਮੋਲ ਮਲਹੋਤਰਾ ਨੇ 21 ਤੇ ਸਿਧਾਰਥ ਕੌਲ ਨੇ ਅਜੇਤੂ 25 ਦੌੜਾਂ ਦੀ ਪਾਰੀ ਖੇਡੀ। ਦੂਜੀ ਪਾਰੀ ਖੇਡਣ ਉਤਰੀ ਕੇਰਲ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ। ਸਿਰਫ਼ ਅਕਸ਼ੇ ਹੀ 31 ਦੌੜਾਂ ਬਣਾ ਸਕੇ। ਹੋਰ ਬੱਲੇਬਾਜ਼ ਕੁਝ ਖ਼ਾਸ ਪ੍ਰਦਰਸ਼ਨ ਨਾ ਕਰ ਸਕੇ।