ਹੈਮਿਲਟਨ (ਏਐੱਫਪੀ) : ਕਪਤਾਨ ਕੇਨ ਵਿਲੀਅਮਸਨ ਤੇ ਰੋਸ ਟੇਲਰ ਦੇ ਸੈਂਕੜਿਆਂ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਇੰਗਲੈਂਡ ਖ਼ਿਲਾਫ਼ ਮੀਂਹ ਨਾਲ ਰੁਕੇ ਦੂਜਾ ਟੈਸਟ ਡਰਾਅ ਕਰਵਾਉਣ ਤੋਂ ਬਾਅਦ ਮੰਗਲਵਾਰ ਨੂੰ ਸੀਰੀਜ਼ 1-0 ਨਾਲ ਜਿੱਤ ਲਈ। ਨਿਊਜ਼ੀਲੈਂਡ ਨੂੰ ਆਖ਼ਰੀ ਦਿਨ ਹਾਰ ਤੋਂ ਬਚਣ ਲਈ ਠੋਸ ਪਾਰੀਆਂ ਦੀ ਜ਼ਰੂਰਤ ਸੀ।

ਇਸ ਤੋਂ ਇਲਾਵਾ ਇੰਗਲੈਂਡ ਦੀ ਖ਼ਰਾਬ ਫੀਲਡਿੰਗ ਨੇ ਉਸ ਦੀ ਰਾਹ ਸੌਖੀ ਕਰ ਦਿੱਤੀ। ਵਿਲੀਅਮਸਨ ਨੂੰ ਪਾਰੀ 'ਚ ਤਿੰਨ ਜੀਵਨਦਾਨ ਮਿਲੇ। ਲੰਚ ਦੇ ਤੁਰੰਤ ਬਾਅਦ ਤੇਜ਼ ਮੀਂਹ ਸ਼ੁਰੂ ਹੋ ਗਿਆ। ਉਸ ਸਮੇਂ ਨਿਊਜ਼ੀਲੈਂਡ ਦਾ ਸਕੋਰ ਦੂਜੀ ਪਾਰੀ 'ਚ ਦੋ ਵਿਕਟਾਂ 'ਤੇ 241 ਦੌੜਾਂ ਸੀ। ਟੇਲਰ 105 ਤੇ ਵਿਲੀਅਮਸਨ 104 ਦੌੜਾਂ 'ਤੇ ਖੇਡ ਰਹੇ ਸਨ।

ਨਿਊਜ਼ੀਲੈਂਡ ਨੇ ਪਿਛਲੀਆਂ 10 ਟੈਸਟ ਸੀਰੀਜ਼ 'ਚੋਂ ਅੱਠ ਜਿੱਤੀਆਂ ਹਨ ਤੇ ਇਕ ਡਰਾਅ ਕਰਵਾਈ ਹੈ। ਇਸ 'ਚ ਸਿਰਫ ਉਸ ਨੂੰ ਦੱਖਣੀ ਅਫ਼ਰੀਕਾ ਤੋਂ ਇਕ ਹਾਰ ਮਿਲੀ ਹੈ। ਵਿਲੀਅਮਸਨ ਨੇ ਲੰਚ ਤੋਂ ਬਾਅਦ ਤੀਜੇ ਓਵਰ 'ਚ ਜੋ ਰੂਟ ਨੂੰ ਚੌਕਾ ਮਾਰ ਕੇ ਆਪਣਾ 21ਵਾਂ ਟੈਸਟ ਸੈਂਕੜਾ ਪੂਰਾ ਕੀਤਾ।

ਟੇਲਰ ਨੇ ਰੂਟ ਦੇ ਅਗਲੇ ਓਵਰ 'ਚ ਆਪਣਾ 19ਵਾਂ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਇਸ ਓਵਰ 'ਚ ਲਗਾਤਾਰ ਦੋ ਗੇਂਦਾਂ 'ਤੇ ਇਕ ਚੌਕਾ ਤੇ ਇਕ ਛੱਕਾ ਮਾਰਿਆ। ਨਿਊਜ਼ੀਲੈਂਡ ਨੇ ਪੰਜਵੇਂ ਦਿਨ ਦੋ ਵਿਕਟਾਂ 'ਤੇ 96 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਇੰਗਲੈਂਡ ਦੇ ਇਰਾਦੇ ਸ਼ੁਰੂਆਤੀ ਵਿਕਟ ਛੇਤੀ ਲੈਣ ਦੇ ਸਨ ਪਰ ਓਲੀ ਪੋਪ ਤੇ ਜੋ ਡੇਨਲੀ ਨੇ ਵਿਲੀਅਮਸਨ ਦੇ ਸੌਖੇ ਕੈਚ ਛੱਡ ਕੇ ਉਸ ਦੇ ਇਰਾਦਿਆਂ 'ਤੇ ਪਾਣੀ ਫੇਰ ਦਿੱਤਾ।

ਵਿਲੀਅਮਸਨ ਨੇ ਉਸ ਸਮੇਂ 39 ਦੌੜਾਂ ਹੀ ਬਣਾਈਆਂ ਸਨ ਜਦੋਂ ਪੋਪ ਨੇ ਬੇਨ ਸਟੋਕਸ ਦੀ ਗੇਂਦ 'ਤੇ ਉਨ੍ਹਾਂ ਦਾ ਕੈਚ ਛੱਡਿਆ। ਉਸ ਤੋਂ ਬਾਅਦ ਡੇਨਲੀ ਨੇ 62 ਦੇ ਯੋਗ 'ਤੇ ਉਸ ਦਾ ਸੌਖਾ ਕੈਚ ਲੈ ਲਿਆ। ਇੰਗਲੈਂਡ ਦੇ ਜੋ ਰੂਟ ਨੂੰ ਮੈਨ ਆਫ ਦਿ ਮੈਚ ਐਵਾਰਡ ਦਿੱਤਾ ਜਿਨ੍ਹਾਂ ਨੇ 441 'ਤੇ 226 ਦੌੜਾਂ ਦੀ ਉਮਦਾ ਪਾਰੀ ਖੇਡੀ।

ਟੇਲਰ 7000 ਦੌੜਾਂ ਬਣਾਉਣ ਵਾਲੇ ਨਿਊਜ਼ੀਲੈਂਡ ਦੇ ਦੂਜੇ ਬੱਲੇਬਾਜ਼

ਮੱਧਕ੍ਰਮ ਦੇ ਤਜਰਬੇਕਾਰ ਬੱਲੇਬਾਜ਼ ਰੋਸ ਟੇਲਰ ਟੈਸਟ ਕ੍ਰਿਕਟ 'ਚ 7000 ਦੌੜਾਂ ਬਣਾਉਣ ਵਾਲੇ ਨਿਊਜ਼ੀਲੈਂਡ ਦੇ ਦੂਜੇ ਤੇ ਦੁਨੀਆ ਦੇ 51ਵੇਂ ਬੱਲੇਬਾਜ਼ ਬਣ ਗਏ ਹਨ। ਟੇਲਰ ਨੇ ਇਥੇ ਸੇਡਨ ਪਾਰਕ ਸਟੇਡੀਅਮ 'ਚ ਇੰਗਲੈਂਡ ਖ਼ਿਲਾਫ਼ ਖੇਡੇ ਗਏ ਦੂਜੇ ਟੈਸਟ ਮੈਚ ਦੇ ਪੰਜਵੇਂ ਦਿਨ ਇਹ ਉਪਲੱਬਧੀ ਹਾਸਲ ਕੀਤੀ। 35 ਸਾਲਾ ਟੇਲਰ ਨੇ ਆਪਣੀ 169ਵੀਂ ਪਾਰੀ 'ਚ ਇਹ ਮੁਕਾਮ ਹਾਸਲ ਕੀਤਾ ਤੇ ਪਾਰੀ ਦੇ ਮਾਮਲੇ 'ਚ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਸਟੀਫਨ ਫਲੇਮਿੰਗ ਨੂੰ ਪਛਾੜਿਆ। ਸਟੀਫਨ ਫਲੇਮਿੰਗ ਨੇ 189 ਪਾਰੀਆਂ 'ਚ ਇਹ ਉਪਲੱਬਧੀ ਹਾਸਲ ਕੀਤੀ ਸੀ। ਫਲੇਮਿੰਗ ਨੇ 111 ਟੈਸਟ ਮੈਚਾਂ 'ਚ 7172 ਦੌੜਾਂ ਬਣਾਈਆਂ ਸਨ। ਟੇਲਰ ਨੇ ਨਿਊਜ਼ੀਲੈਂਡ ਲਈ ਹੁਣ ਤਕ 96 ਟੈਸਟ ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 7022 ਦੌੜਾਂ ਬਣਾਈਆਂ ਹਨ। ਇਸ 'ਚ 19 ਸੈਂਕੜੇ ਤੇ 32 ਅਰਧ ਸੈਂਕੜੇ ਸ਼ਾਮਲ ਹਨ।

ਵਿਸ਼ਵ ਕੱਪ ਹਾਰਨ ਤੋਂ ਬਾਅਦ ਵੀ ਨਿਊਜ਼ੀਲੈਂਡ ਨੂੰ ਐਵਾਰਡ

ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਜੁਲਾਈ 'ਚ ਲਾਈਡਰਸ 'ਚ ਆਈਸੀਸੀ ਵਿਸ਼ਵ ਕੱਪ ਫਾਈਨਲ 'ਚ ਵਿਵਾਦਮਈ ਹਾਲਾਤ 'ਚ ਹਾਰ ਤੋਂ ਬਾਅਦ ਸ਼ਾਨਦਾਰ ਖੇਡ ਭਾਵਨਾ ਦਿਖਾਉਣ ਲਈ ਕ੍ਰਿਸਟੋਫਰ ਮਾਰਟਿਨ-ਜੇਨਿਕਿੰਗ ਸਪਿਰਿਟ ਆਫ ਕ੍ਰਿਕਟ ਐਵਾਰਡ ਨਾਲ ਨਿਵਾਜਿਆ ਗਿਆ।

ਕੇਨ ਵਿਲੀਅਮਸਨ ਤੇ ਉਨ੍ਹਾਂ ਦੀ ਟੀਮ ਉਸ ਸਮੇਂ ਵਿਸ਼ਵ ਕੱਪ ਖਿਤਾਬ ਜਿੱਤਣ ਤੋਂ ਖੂੰਝ ਗਏ ਜਦੋਂ ਇੰਗਲੈਂਡ ਨੇ ਓਰਵਥ੍ਰੋ 'ਤੇ ਦਿੱਤੇ ਵਿਵਾਦਮਈ ਛੇ ਦੌੜਾਂ ਦੀ ਬਦੌਲਤ ਖਿਤਾਬੀ ਮੁਕਾਬਲੇ ਨੂੰ ਸੁਪਰ ਓਵਰ 'ਚ ਖਿੱਚਿਆ ਤੇ ਫਿਰ ਸੁਪਰ ਓਵਰ ਵੀ ਟਾਈ ਰਹਿਣ 'ਤੇ ਜ਼ਿਆਦਾ ਬਾਊਂਡਰੀਜ਼ ਲਾਉਣ ਦੇ ਆਧਾਰ 'ਤੇ ਪਹਿਲੀ ਵਾਰ ਵਿਸ਼ਵ ਖਿਤਾਬ ਆਪਣੇ ਨਾਂ ਕੀਤਾ।

ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਹੈਮਿਲਟਨ ਦੇ ਸੇਡਨ ਪਾਰਕ 'ਚ ਡਰਾਅ ਹੋਏ ਦੂਜੇ ਟੈਸਟ ਦੌਰਾਨ ਮੇਜ਼ਬਾਨ ਟੀਮ ਨੂੰ ਇਹ ਪੁਰਸਕਾਰ ਦਿੱਤਾ ਗਿਆ। ਐੱਮਸੀਸੀ ਮੁਖੀ ਕੁਮਾਰ ਸੰਗਕਾਰਾ ਨੇ ਨਿਊਜ਼ੀਲੈਂਡ ਦੀ ਟੀਮ ਦੀ ਤਾਰੀਫ਼ ਕਰਦਿਆਂ ਕਿਹਾ, 'ਨਿਊਜ਼ੀਲੈਂਡ ਦੀ ਟੀਮ ਇਸ ਐਵਾਰਡ ਦੀ ਹੱਕਦਾਰ ਹੈ। ਉਸ ਪਲ ਦੀ ਗਹਿਮਾ-ਗਹਿਮੀ 'ਚ ਵੀ ਉਨ੍ਹਾਂ ਨੇ ਖੇਡ ਭਾਵਨਾ ਦਾ ਸਿਖਰ ਪੱਧਰ ਦਿਖਾਇਆ। ਇਹ ਉਨ੍ਹਾਂ ਦੀ ਟੀਮ ਦੀ ਵਿਰਾਸਤ ਹੈ।'

ਨਿਊਜ਼ੀਲੈਂਡ ਦੇ 242 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀਆਂ ਆਖ਼ਰੀ ਤਿੰਨ ਗੇਂਦਾਂ 'ਚ ਨੌਂ ਦੌੜਾਂ ਦੀ ਦਰਕਾਰ ਸੀ ਜਦੋਂ ਮਾਰਟਿਨ ਗੁਪਟਿਲ ਦਾ ਥ੍ਰੋ ਬੇਨ ਸਟੋਕਸ ਦੇ ਬੱਲੇ ਨਾਲ ਟਕਰਾ ਕੇ ਬਾਊਂਡਰੀ ਪਾਰ ਚਲਾ ਗਿਆ ਤੇ ਅੰਪਾਇਰ ਨੇ ਇੰਗਲੈਂਡ ਨੂੰ ਛੇ ਦੌੜਾਂ ਦੇ ਦਿੱਤੀਆਂ। ਅੰਪਾਇਰਾਂ ਨੇ ਬੱਲੇਬਾਜ਼ ਦੀਆਂ ਭੱਜ ਕੇ ਲਈਆਂ ਦੋ ਦੌੜਾਂ ਨੂੰ ਵੀ ਜੋੜਿਆ। ਇਸ ਫ਼ੈਸਲੇ ਨਾਲ ਇੰਗਲੈਂਡ ਨੇ ਮੈਚ ਟਾਈ ਕਰਵਾਇਆ ਜਿਸ ਨਾਲ ਇਹ ਮੁਕਾਬਲਾ ਸੁਪਰ ਓਵਰ 'ਚ ਚਲਾ ਗਿਆ। ਸੁਪਰ ਓਵਰ ਵੀ ਬੇਨਤੀਜਾ ਰਿਹਾ ਜਿਸ ਤੋਂ ਬਾਅਦ ਇੰਗਲੈਂਡ ਨੇ ਜ਼ਿਆਦਾ ਬਾਊਂਡਰੀਜ਼ ਲਾਉਣ ਕਾਰਨ ਖਿਤਾਬ ਜਿੱਤਿਆ।

ਕ੍ਰਿਕਟ ਨਾਲ ਜੁੜੇ ਨਿਯਮ ਬਣਾਉਣ ਵਾਲੇ ਮੈਰਿਲਬੋਨ ਕ੍ਰਿਕਟ ਕਲੱਬ (ਐੱਮਸੀਸੀ) ਨੇ ਬਾਅਦ 'ਚ ਕਿਹਾ ਕਿ ਉਹ ਓਵਰਥ੍ਰੋ ਨਾਲ ਜੁੜੇ ਨਿਯਮਾਂ ਦੀ ਸਮੀਖਿਆ ਕਰੇਗਾ। ਆਈਸੀਸੀ ਦੇ ਅਲੀਟ ਪੈਨਲ ਦੇ ਸਾਬਕਾ ਅੰਪਾਇਰ ਸਾਈਮਨ ਟਾਫੇਲ ਦਾ ਮੰਨਣਾ ਸੀ ਕਿ ਅੰਪਾਇਰਾਂ ਨੂੰ ਛੇ ਦੀ ਜਗ੍ਹਾ ਪੰਜ ਦੌੜਾਂ ਦੇਣੀਆਂ ਚਾਹੀਦੀਆਂ ਸਨ। ਇਹ ਇਨਾਮ ਐੱਮਸੀਸੀ ਤੇ ਬੀਬੀਸੀ ਨੇ 2013 'ਚ ਐੱਮਸੀਸੀ ਦੇ ਸਾਬਕਾ ਮੁਖੀ ਤੇ ਬੀਬੀਸੀ ਦੇ ਟੈਸਟ ਮੈਚ ਦੇ ਮਾਹਰ ਕਮੈਂਟੇਟਰ ਮਾਰਟਿਨ ਜੇਨਕਿੰਗ ਦੀ ਯਾਦ 'ਚ ਸ਼ੁਰੂ ਕੀਤਾ ਸੀ।