ਨੈਲਸਨ (ਏਐੱਫਪੀ) : ਤਜਰਬੇਕਾਰ ਬੱਲੇਬਾਜ਼ ਰੋਸ ਟੇਲਰ (137) ਤੇ ਹੈਨਰੀ ਨਿਕੋਲਸ (ਅਜੇਤੂ 124) ਦੀਆਂ ਸੈਂਕੜੇ ਵਾਲੀਆਂ ਪਾਰੀਆਂ ਤੇ ਦੋਵਾਂ ਵਿਚਾਲੇ ਚੌਥੀ ਵਿਕਟ ਲਈ 154 ਦੌੜਾਂ ਦੀ ਭਾਈਵਾਲੀ ਦੇ ਦਮ 'ਤੇ ਨਿਊਜ਼ੀਲੈਂਡ ਨੇ ਸੀਰੀਜ਼ ਦੇ ਤੀਜੇ ਤੇ ਆਖ਼ਰੀ ਵਨ ਡੇ ਮੈਚ ਵਿਚ ਮੰਗਲਵਾਰ ਨੂੰ ਇੱਥੇ ਸ੍ਰੀਲੰਕਾ ਨੂੰ 115 ਦੌੜਾਂ ਨਾਲ ਹਰਾ ਕੇ ਸੀਰੀਜ਼ 3-0 ਨਾਲ ਆਪਣੇ ਨਾਂ ਕੀਤੀ। ਨਿਊਜ਼ੀਲੈਂਡ ਨੇ ਤੈਅ 50 ਓਵਰਾਂ 'ਚ ਚਾਰ ਵਿਕਟਾਂ 'ਤੇ 364 ਦੌੜਾਂ ਬਣਾਈਆਂ ਜੋ ਨੈਲਸਨ ਦੇ ਸੇਕਸਟਨ ਓਵਲ ਮੈਦਾਨ ਵਿਚ ਨਵਾਂ ਰਿਕਾਰਡ ਹੈ। ਸ੍ਰੀਲੰਕਾ ਦੀ ਟੀਮ 41.4 ਓਵਰਾਂ 'ਚ 249 ਦੌੜਾਂ 'ਤੇ ਆਊਟ ਹੋ ਗਈ। ਨਿਊਜ਼ੀਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਪੰਜਵੇਂ ਓਵਰ ਤਕ ਟੀਮ ਨੇ ਦੋਵਾਂ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਤੇ ਕਾਲਿਨ ਮੁਨਰੋ ਦੀਆਂ ਵਿਕਟਾਂ ਗੁਆ ਦਿੱਤੀਆਂ। ਇਹ ਦੋਵੇਂ ਵਿਕਟਾਂ ਸ੍ਰੀਲੰਕਾ ਦੇ ਕਪਤਾਨ ਲਸਿਥ ਮਲਿੰਗਾ (3/93) ਨੇ ਲਈਆਂ। ਇਸ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ (55) ਨੇ ਟੇਲਰ ਨਾਲ ਤੀਜੀ ਵਿਕਟ ਲਈ 116 ਦੌੜਾਂ ਦੀ ਭਾਈਵਾਲੀ ਕਰ ਕੇ ਟੀਮ ਨੂੰ ਬਿਹਤਰ ਸਥਿਤੀ ਵਿਚ ਪਹੁੰਚਾਇਆ। ਵਿਲੀਅਸਨ ਦੇ ਆਊਟ ਹੋਣ ਤੋਂ ਬਾਅਦ ਟੇਲਰ ਤੇ ਨਿਕੋਲਸ ਨੇ ਧਮਾਕੇਦਾਰ ਬੱਲੇਬਾਜ਼ੀ ਕਰ ਕੇ ਟੀਮ ਦੇ ਸਕੋਰ ਨੂੰ 300 ਤੋਂ ਪਾਰ ਪਹੁੰਚਾਇਆ। ਟੇਲਰ ਨੇ 131 ਗੇਂਦਾਂ ਦੀ ਪਾਰੀ ਵਿਚ ਨੌਂ ਚੌਕੇ ਤੇ ਚਾਰ ਛੱਕੇ ਲਾਏ। ਨਿਕੋਲਸ ਜ਼ਿਆਦਾ ਹਮਲਾਵਰ ਰਹੇ ਜਿਨ੍ਹਾਂ ਨੇ 80 ਗੇਂਦਾਂ ਦੀ ਅਜੇਤੂ ਪਾਰੀ ਵਿਚ 12 ਚੌਕੇ ਤੇ ਤਿੰਨ ਛੱਕੇ ਲਾਏ। ਟੀਚੇ ਦਾ ਪਿੱਛਾ ਕਰਨ ਉਤਰੀ ਸ੍ਰੀਲੰਕਾ ਨੂੰ ਸਲਾਮੀ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਦਿਵਾਈ ਪਰ ਨਿਰੋਸ਼ਨ ਡਿਕਵੇਲਾ (46), ਧਨੰਜੇ ਡਿਸਿਲਵਾ (36) ਤੇ ਕੁਸ਼ਲ ਪਰੇਰਾ (43) ਚੰਗੀ ਸ਼ੁਰੂਆਤ ਦਾ ਫ਼ਾਇਦਾ ਨਾ ਉਠਾ ਸਕੇ।