ਹੈਮਿਲਟਨ (ਏਜੰਸੀ) : ਨਿਊਜ਼ੀਲੈਂਡ ਨੇ 375 ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਦੀਆਂ ਦੋ ਵਿਕਟਾਂ ਜਲਦੀ ਹਾਸਲ ਕਰ ਕੇ ਇੱਥੇ ਸੇਡਨ ਪਾਰਕ ਮੈਦਾਨ ਖੇਡੇ ਜਾ ਰਹੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਆਪਣਾ ਪਲੜਾ ਭਾਰੀ ਰੱਖਿਆ। ਨਿਊਜ਼ੀਲੈਂਡ ਦੀ ਟੀਮ ਜਦ 191 ਦੌੜਾਂ 'ਤੇ ਪੰਜ ਵਿਕਟਾਂ ਗੁਆ ਚੁੱਕੀ ਸੀ ਤਾਂ ਪਹਿਲੇ ਟੈਸਟ ਦੇ ਹੀਰੋ ਬੀਜੇ ਵਾਟਲਿੰਗ (55) ਨੇ ਸ਼ੁਰੂਆਤ ਕਰ ਰਹੇ ਡੇਰਿਲ ਮਿਸ਼ੇਲ (73) ਨਾਲ ਛੇਵੀਂ ਵਿਕਟ ਲਈ 124 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਿਆ। ਇਸ ਦੇ ਜਵਾਬ ਵਿਚ ਇੰਗਲੈਂਡ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਤੇ ਉਸ ਨੇ ਦਿਨ ਦੀ ਖੇਡ ਸਮਾਪਤ ਹੋਣ ਤਕ ਸਲਾਮੀ ਬੱਲੇਬਾਜ਼ ਡਾਮੀਨਿਕ ਸਿਬਲੇ (04) ਤੇ ਜੋ ਡੇਨਲੀ (04) ਦੀਆਂ ਵਿਕਟਾਂ ਗੁਆ ਕੇ ਦੋ ਵਿਕਟਾਂ 'ਤੇ 39 ਦੌੜਾਂ ਬਣਾਈਆਂ। ਦਿਲ ਦੀ ਖੇਡ ਸਮਾਪਤ ਹੋਣ 'ਤੇ ਸਲਾਮੀ ਬੱਲੇਬਾਜ਼ ਰੋਰੀ ਬਰਨਜ਼ 24 ਜਦਕਿ ਕਪਤਾਨ ਜੋ ਰੂਟ ਛੇ ਦੌੜਾਂ ਬਣਾ ਕੇ ਖੇਡ ਰਹੇ ਸਨ। ਇੰਗਲੈਂਡ ਅਜੇ ਨਿਊਜ਼ੀਲੈਂਡ ਤੋਂ 336 ਦੌੜਾਂ ਪਿੱਛੇ ਹੈ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਦਿਨ ਦੀ ਸ਼ੁਰੂਆਤ ਤਿੰਨ ਵਿਕਟਾਂ 'ਤੇ 173 ਦੌੜਾਂ ਨਾਲ ਕੀਤੀ ਪਰ ਜਲਦੀ ਹੀ ਕੱਲ੍ਹ ਦੇ ਦੋਵੇਂ ਅਜੇਤੂ ਬੱਲੇਬਾਜ਼ਾਂ ਟਾਮ ਲਾਥਮ (105) ਤੇ ਹੈਨਰੀ ਨਿਕੋਲਸ (16) ਦੀਆਂ ਵਿਕਟਾਂ ਗੁਆ ਦਿੱਤੀਆਂ। ਲਾਥਮ ਨੂੰ ਸਟੂਅਰਟ ਬਰਾਡ (73 ਦੌੜਾਂ 'ਤੇ ਚਾਰ ਵਿਕਟਾਂ) ਨੇ ਬੋਲਡ ਕੀਤਾ ਜਦਕਿ ਨਿਕੋਲਸ ਨੂੰ ਸੈਮ ਕੁਰਨ (63 ਦੌੜਾਂ 'ਤੇ ਦੋ ਵਿਕਟਾਂ) ਨੇ ਬਰਾਡ ਹੱਥੋਂ ਕੈਚ ਕਰਵਾਇਆ। ਪਹਿਲੇ ਟੈਸਟ ਵਿਚ ਦੋਹਰਾ ਸੈਂਕੜਾ ਲਾਉਣ ਵਾਲੇ ਵਾਟਲਿੰਗ ਤੇ ਮਿਸ਼ੇਲ ਨੇ ਪਾਰੀ ਨੂੰ ਸੰਵਾਰਿਆ। ਬਰਾਡ ਨੇ ਇਨ੍ਹਾਂ ਦੋਵਾਂ ਨੂੰ ਆਊਟ ਕਰ ਕੇ ਇੰਗਲੈਂਡ ਦੀ ਵਾਪਸੀ ਦਿਵਾਈ। ਨਿਊਜ਼ੀਲੈਂਡ ਦੀਆਂ ਆਖ਼ਰੀ ਚਾਰ ਵਿਕਟਾਂ 60 ਦੌੜਾਂ ਜੋੜਨ ਵਿਚ ਕਾਮਯਾਬ ਰਹੀਆਂ ਜਿਸ ਨਾਲ ਮੇਜ਼ਬਾਨ ਟੀਮ 350 ਤੋਂ ਜ਼ਿਆਦਾ ਦਾ ਸਕੋਰ ਖੜ੍ਹਾ ਕਰਨ ਵਿਚ ਕਾਮਯਾਬ ਰਹੀ।

ਮਿਸ਼ੇਲ ਤੇ ਵਾਟਲਿੰਗ ਨੇ ਬਣਾਏ ਅਰਧ ਸੈਂਕੜੇ

ਨਿਊਜ਼ੀਲੈਂਡ ਦੀ ਰਗਬੀ ਟੀਮ ਦੇ ਸਾਬਕਾ ਕੋਚ ਤੇ ਹੁਣ ਇੰਗਲੈਂਡ ਦੇ ਸਹਾਇਕ ਰਗਬੀ ਕੋਚ ਜਾਨ ਮਿਸ਼ੇਲ ਦੇ ਪੁੱਤਰ ਹਰਫ਼ਨਮੌਲਾ ਡੇਰਿਲ ਮਿਸ਼ੇਲ ਨੇ ਬੇਨ ਸਟੋਕਸ 'ਤੇ ਚੌਕੇ ਨਾਲ ਆਪਣਾ ਪਹਿਲਾ ਟੈਸਟ ਅਰਧ ਸੈਂਕੜਾ ਬਣਾਇਆ। ਉਨ੍ਹਾਂ ਨੇ 159 ਗੇਂਦਾਂ ਦੀ ਆਪਣੀ ਪਾਰੀ ਦੌਰਾਨ ਅੱਠ ਚੌਕੇ ਤੇ ਇਕ ਛੱਕਾ ਲਾਇਆ। ਵਾਟਲਿੰਗ ਨੇ ਕੁਰਨ 'ਤੇ ਚੌਕੇ ਨਾਲ ਆਪਣਾ 18ਵਾਂ ਅਰਧ ਸੈਂਕੜਾ ਲਾਇਆ। ਉਨ੍ਹਾਂ ਨੇ 192 ਗੇਂਦਾਂ ਦੀ ਆਪਣੀ ਪਾਰੀ ਵਿਚ ਸੱਤ ਚੌਕੇ ਲਾਏ।