ਮਾਊਂਟ ਮਾਊਂਗਾਨੂਈ (ਏਐੱਫਪੀ) : ਗੇਂਦ ਦੇ ਉੱਚੇ ਨੀਵੇਂ ਉਛਾਲ ਨਾਲ ਆਊਟ ਹੋਏ ਕੇਨ ਵਿਲੀਅਮਸਨ ਦੇ ਵਿਕਟ ਤੇ ਹੈਨਰੀ ਨਿਕੋਲਸ ਦੇ ਸਿਰ 'ਤੇ ਲੱਗੀ ਸੱਟ ਕਾਰਨ ਨਿਊਜ਼ੀਲੈਂਡ ਤੇ ਇੰਗਲੈਂਡ ਵਿਚਾਲੇ ਪਹਿਲੇ ਟੈਸਟ ਦਾ ਮੇਜ਼ਬਾਨ ਮਾਊਂਟ ਮਾਊਂਗਾਨੂਈ ਮੈਦਾਨ ਆਪਣੀ ਪਿੱਚ ਕਾਰਨ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਹੈ ਜਦਕਿ ਮੈਚ ਵਿਚ ਤਿੰਨ ਦਿਨ ਦੀ ਖੇਡ ਬਾਕੀ ਹੈ। ਦੋ ਦਿਨ ਅੰਦਰ ਹੀ 'ਬੇ ਓਵਲ' ਦੀ ਪਿੱਚ ਅਜੀਬ ਹੋ ਗਈ ਹੈ। ਨਿਊਜ਼ੀਲੈਂਡ ਨੇ ਤਿੰਨ ਵਿਕਟਾਂ 106 ਦੌੜਾਂ 'ਤੇ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਉਸ ਦੇ ਕਪਤਾਨ ਕੇਨ ਵਿਲੀਅਮਸਨ ਨੇ 51 ਦੌੜਾਂ ਬਣਾਈਆਂ ਪਰ ਵੱਡੀ ਪਾਰੀ ਨਹੀਂ ਖੇਡ ਸਕੇ। ਦੂਜੇ ਦਿਨ ਦੀ ਖੇਡ ਸਮਾਪਤ ਹੋਣ 'ਤੇ ਨਿਊਜ਼ੀਲੈਂਡ ਦਾ ਸਕੋਰ 353 ਦੌੜਾਂ ਦੇ ਜਵਾਬ ਵਿਚ ਚਾਰ ਵਿਕਟਾਂ 'ਤੇ 144 ਦੌੜਾਂ ਹੋ ਗਿਆ। ਵਿਲੀਅਮਸਨ ਨੇ ਸੈਮ ਕੁਰਨ ਨੂੰ ਚੌਕਾ ਲਾ ਕੇ ਅਰਧ ਸੈਂਕੜਾ ਪੂਰਾ ਕੀਤਾ ਪਰ ਅਗਲੀ ਗੇਂਦ 'ਤੇ ਅਜੀਬ ਉਛਾਲ ਨਾਲ ਉਹ ਹੈਰਾਨ ਹੋ ਗਏ। ਵਿਲੀਅਮਸਨ ਨੇ ਬਚਾਅ ਲਈ ਬੱਲਾ ਅੜਾਇਆ ਤੇ ਗੇਂਦ ਦੂਜੀ ਸਲਿਪ ਵਿਚ ਚਲੀ ਗਈ। ਕੁਰਨ ਵੀ ਇਸ ਵਿਕਟ ਤੋਂ ਹੈਰਾਨ ਰਹਿ ਗਏ। ਦੂਜੇ ਦਿਨ ਦੀ ਖੇਡ ਸਮਾਪਤ ਹੋਣ ਤਕ ਨਿਕੋਲਸ 26 ਤੇ ਬੀਜੇ ਵਾਟਲਿੰਗ ਛੇ ਦੌੜਾਂ ਬਣਾ ਕੇ ਖੇਡ ਰਹੇ ਸਨ।

ਨਿਕੋਲਸ ਦੇ ਸਿਰ 'ਤੇ ਲੱਗੀ ਜੋਫਰਾ ਦੀ ਗੇਂਦ

ਟੈਸਟ ਦੇ ਦੂਜੇ ਦਿਨ ਪੂਰੀਆਂ ਦਸ ਵਿਕਟਾਂ ਡਿੱਗੀਆਂ। ਨਿਕਲੋਸ ਦੇ ਸਿਰ 'ਚ ਜੋਫਰਾ ਆਰਚਰ ਦੀ ਬਾਊਂਸਰ ਲੱਗੀ ਪਰ ਮੈਡੀਕਲ ਚੈਕਅਪ ਵਿਚ ਕੋਈ ਪਰੇਸ਼ਾਨੀ ਨਜ਼ਰ ਨਹੀਂ ਆਈ। ਉਨ੍ਹਾਂ ਨੇ ਆਪਣੀ ਮੈਡੀਕਲ ਜਾਂਚ ਕਰਵਾਈ।