ਵੇਲਿੰਗਟਨ (ਏਪੀ) : ਲੈੱਗ ਸਪਿੰਨਰ ਈਸ਼ ਸੋਢੀ (3/24) ਦੀ ਸ਼ਾਨਦਾਰ ਗੇਂਦਬਾਜ਼ੀ ਤੇ ਮਾਰਟਿਨ ਗੁਪਟਿਲ ਦੀ 71 ਦੌੜਾਂ ਦੀ ਤੇਜ਼ ਪਾਰੀ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਐਤਵਾਰ ਨੂੰ ਇੱਥੇ ਪੰਜਵੇਂ ਤੇ ਆਖ਼ਰੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਆਸਟ੍ਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 3-2 ਨਾਲ ਜਿੱਤ ਲਈ। ਸੋਢੀ ਨੇ ਸੀਰੀਜ਼ ਵਿਚ 10 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ ਨੇ ਆਸਟ੍ਰੇਲੀਆ ਨੂੰ ਅੱਠ ਵਿਕਟਾਂ 'ਤੇ 142 ਦੌੜਾਂ ਹੀ ਬਣਾਉਣ ਦਿੱਤੀਆਂ।

ਨਿਊਜ਼ੀਲੈਂਡ ਨੇ 27 ਗੇਂਦਾਂ ਬਾਕੀ ਰਹਿੰਦੇ ਹੋਏ ਤਿੰਨ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਸੋਢੀ ਨੂੰ ਆਸਟ੍ਰੇਲਿਆਈ ਪਾਰੀ ਦੌਰਾਨ ਖੱਬੇ ਹੱਥ ਦੇ ਸਪਿੰਨਰ ਮਿਸ਼ੇਲ ਸੈਂਟਨਰ ਦਾ ਚੰਗਾ ਸਾਥ ਮਿਲਿਆ। ਉਨ੍ਹਾਂ ਨੇ ਨਵੀਂ ਗੇਂਦ ਸੰਭਾਲੀ ਤੇ ਚਾਰ ਓਵਰਾਂ ਵਿਚ ਸਿਰਫ਼ 21 ਦੌੜਾਂ ਦਿੱਤੀਆਂ।

ਨਿਊਜ਼ੀਲੈਂਡ ਨੇ ਦੋ ਕੰਮ ਚਲਾਊ ਸਪਿੰਨਰਾਂ ਮਾਰਕ ਚੈਪਮੈਨ (1/09) ਤੇ ਗਲੇਨ ਫਿਲਿਪਸ (0/21) ਦਾ ਵੀ ਇਸਤੇਮਾਲ ਕੀਤਾ। ਨਿਊਜ਼ੀਲੈਂਡ ਵੱਲੋਂ ਸਪਿੰਨਰਾਂ ਨੇ 12 ਓਵਰ ਕੀਤੇ। ਕੀਵੀ ਟੀਮ ਵੱਲੋਂ ਪਹਿਲੀ ਵਾਰ ਟੀ-20 ਵਿਚ ਸਪਿੰਨਰਾਂ ਨੇ ਇੰਨੇ ਜ਼ਿਆਦਾ ਓਵਰ ਕੀਤੇ। ਬਾਕੀ ਅੱਠ ਓਵਰ ਟਿਮ ਸਾਊਥੀ (2/38) ਤੇ ਟ੍ਰੇਂਟ ਬੋਲਟ (2/26) ਨੇ ਕੀਤੇ। ਆਸਟ੍ਰੇਲੀਆ ਵੱਲੋਂ ਮੈਥਿਊ ਵੇਡ ਨੇ 44, ਕਪਤਾਨ ਆਰੋਨ ਫਿੰਚ ਨੇ 36 ਤੇ ਮਾਰਕਸ ਸਟੋਈਨਿਸ ਨੇ 26 ਦੌੜਾਂ ਬਣਾਈਆਂ।

ਜਵਾਬ ਵਿਚ ਗੁਪਟਿਲ ਤੇ ਡੇਵੋਨ ਕਾਨਵੇ (28 ਗੇਂਦਾਂ 'ਤੇ 36) ਨੇ ਪਹਿਲੀ ਵਿਕਟ ਲਈ 11.5 ਓਵਰਾਂ ਵਿਚ 106 ਦੌੜਾਂ ਜੋੜੀਆਂ। ਬਾਅਦ ਵਿਚ ਗਲੇਨ ਫਿਲਿਪਸ ਨੇ 16 ਗੇਂਦਾਂ 'ਤੇ ਅਜੇਤੂ 34 ਦੌੜਾਂ ਦੀ ਤੇਜ਼ ਪਾਰੀ ਖੇਡੀ। ਗੁਪਟਿਲ ਨੇ 46 ਗੇਂਦਾਂ ਖੇਡੀਆਂ ਤੇ ਸੱਤ ਚੌਕੇ ਤੇ ਚਾਰ ਛੱਕੇ ਲਾਏ।

Posted By: Sunil Thapa