ਆਕਲੈਂਡ : ਨਿਊਜ਼ੀਲੈਂਡ ਕੋਰੋਨਾ ਵਾਇਰਸ ਕਾਰਨ ਬ੍ਰੇਕ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਨਵੰਬਰ ਵਿਚ ਵੈਸਟਇੰਡੀਜ਼ ਖ਼ਿਲਾਫ਼ ਟੀ-20 ਸੀਰੀਜ਼ ਨਾਲ ਕਰੇਗਾ। ਦੇਸ਼ ਦੇ ਕ੍ਰਿਕਟ ਬੋਰਡ ਨੇ ਮੰਗਲਵਾਰ ਨੂੰ ਘਰੇਲੂ ਸੈਸ਼ਨ ਦਾ ਪ੍ਰੋਗਰਾਮ ਜਾਰੀ ਕੀਤਾ। ਨਿਊਜ਼ੀਲੈਂਡ ਕ੍ਰਿਕਟ (ਐੱਨਜ਼ੈੱਡਸੀ) ਨੇ ਐਲਾਨ ਕੀਤਾ ਕਿ ਨਵੰਬਰ ਵਿਚ ਵੈਸਟਇੰਡੀਜ਼ ਤੇ ਪਾਕਿਸਤਾਨ ਦੀ ਮੇਜ਼ਬਾਨੀ ਤੋਂ ਬਾਅਦ ਫਰਵਰੀ ਵਿਚ ਆਸਟ੍ਰੇਲੀਆ ਜਦਕਿ ਮਾਰਚ ਵਿਚ ਬੰਗਲਾਦੇਸ਼ ਦੀ ਮੇਜ਼ਬਾਨੀ ਕੀਤੀ ਜਾਵੇਗੀ। ਸਰਕਾਰ ਨੇ ਹੁਣ ਤਕ ਸ਼ੁਰੂਆਤੀ ਦੋ ਟੀਮਾਂ ਨੂੰ ਹੀ ਆਉਣ ਦੀ ਇਜਾਜ਼ਤ ਦਿੱਤੀ ਹੈ। ਐੱਨਜ਼ੈੱਡਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਵਾਈਟ ਨੂੰ ਯਕੀਨ ਹੈ ਕਿ ਹੋਰ ਟੀਮਾਂ ਦੀ ਮੇਜ਼ਬਾਨੀ ਨੂੰ ਵੀ ਹਰੀ ਝੰਡੀ ਮਿਲ ਜਾਵੇਗੀ।

ਬੇਲਿੰਡਾ ਕਲਾਰਕ ਨੇ ਦਿੱਤਾ ਸੀਏ ਦੇ ਅਹੁਦੇ ਤੋਂ ਅਸਤੀਫ਼ਾ

ਸਿਡਨੀ : ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਬੇਲਿੰਡਾ ਕਲਾਰਕ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਕ੍ਰਿਕਟ ਆਸਟ੍ਰੇਲੀਆ (ਸੀਏ) ਦੀ ਸਮੂਹਕ ਕ੍ਰਿਕਟ ਦੀ ਕਾਰਜਕਾਰੀ ਜਨਰਲ ਮੈਨੇਜਰ ਦੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਹੀ ਹੈ। ਬੇਲਿੰਡਾ ਦੀ ਅਗਵਾਈ ਵਿਚ ਆਸਟ੍ਰੇਲੀਆ ਨੇ ਦੋ ਵਿਸ਼ਵ ਕੱਪ ਖ਼ਿਤਾਬ ਜਿੱਤੇ ਤੇ ਉਨ੍ਹਾਂ ਨੇ ਆਪਣੇ ਦੇਸ਼ ਵੱਲੋਂ 15 ਟੈਸਟ ਤੇ 118 ਵਨ ਡੇ ਮੈਚ ਖੇਡੇ। ਉਹ ਪਿਛਲੇ ਢਾਈ ਸਾਲ ਤੋਂ ਇਹ ਭੂਮਿਕਾ ਨਿਭਾਅ ਰਹੀ ਸੀ ਤੇ 30 ਨਵੰਬਰ ਨੂੰ ਆਪਣੇ ਅਹੁਦੇ ਤੋਂ ਲਾਂਭੇ ਹੋ ਜਾਵੇਗੀ।