ਕ੍ਰਾਈਸਟਚਰਚ: ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀ ਅਲ-ਨੂਰ ਮਸਜਿਦ 'ਚ ਗੋਲੀਬਾਰੀ ਹੋਈ ਹੈ। ਇਸ ਘਟਨਾ ਦੌਰਾਨ ਬੰਗਲਾਦੇਸ਼ੀ ਕ੍ਰਿਕਟ ਟੀਮ ਮਸਜਿਦ 'ਚ ਹੀ ਮੌਜੂਦ ਸੀ। ਹਾਲਾਂਕਿ ਸਾਰੇ ਖਿਡਾਰੀ ਸੁਰੱਖਿਅਤ ਹਨ। ਗੋਲੀਬਾਰੀ ਦੀ ਜਾਣਕਾਰੀ ਮਿਲਦੇ ਹੀ ਸਾਰੇ ਖਿਡਾਰੀ ਬਾਕੀ ਲੋਕਾਂ ਨਾਲ ਕਿਸੇ ਤਰ੍ਹਾਂ ਮਸਜਿਦ 'ਚੋਂ ਨਿਕਲ ਗਏ। ਸਾਰਿਆਂ ਨੂੰ ਨਜ਼ਦੀਕੀ ਪਾਰਕ ਵਾਲੇ ਰਸਤੇ ਰਾਹੀਂ ਓਵਲ ਮੈਦਾਨ ਵੱਲ ਲਿਆਂਦਾ ਗਿਆ।

ਦੱਸ ਦਈਏ ਕਿ ਬੰਗਲਾਦੇਸ਼ ਕ੍ਰਿਕਟ ਟੀਮ ਇਸ ਸਮੇਂ ਨਿਊਜ਼ੀਲੈਂਡ ਦੌਰੇ 'ਤੇ ਹੈ। ਸ਼ਨਿਚਰਵਾਰ ਨੂੰ ਦੋਵਾਂ ਟੀਮਾਂ ਵਿਚਾਲੇ ਤੀਸਰਾ ਟੈਸਟ ਮੈਚ ਕ੍ਰਾਈਸਟਚਰਚ ਵਿਖੇ ਖੇਡਿਆ ਜਾਣਾ ਸੀ ਪਰ ਜਾਣਕਾਰੀ ਅਨੁਸਾਰ ਹੁਣ ਇਹ ਮੈਚ ਨਹੀਂ ਖੇਡਿਆ ਜਾਵੇਗਾ।

Our heartfelt condolences go out to the families and friends of those affected by the shocking situation in Christchurch. A joint decision between NZC and the @BCBtigers has been made to cancel the Hagley Oval Test. Again both teams and support staff groups are safe.

— BLACKCAPS (@BLACKCAPS) March 15, 2019

ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਟਵੀਟ ਕੀਤਾ ਹੈ, 'ਕ੍ਰਾਈਸਟਚਰਚ 'ਚ ਹੋਈ ਇਸ ਘਟਨਾ ਨਾਲ ਪ੍ਰਭਾਵਿਤ ਲੋਕਾਂ ਦੇ ਪਰਿਵਾਰਾਂ ਅਤੇ ਦੋਸਤਾਂ ਪ੍ਰਤੀ ਸਾਡੀਆਂ ਸੰਵੇਦਨਾਵਾਂ ਹਨ। ਓਵਲ 'ਚ ਸ਼ਨਿਚਰਵਾਰ ਤੋਂ ਸ਼ੁਰੂ ਹੋ ਰਹੇ ਇਸ ਟੈਸਟ ਮੈਚ ਨੂੰ ਰੱਦ ਕਰਨ ਦਾ ਦੋਵਾਂ ਟੀਮਾਂ ਨੇ ਸੰਯੁਕਤ ਫ਼ੈਸਲਾ ਲਿਆ ਹੈ। ਦੋਵਾਂ ਟੀਮਾਂ ਦੇ ਖਿਡਾਰੀ ਅਤੇ ਸਹਿਯੋਗੀ ਸਟਾਫ਼ ਸੁਰੱਖਿਤ ਹਨ।'

ਇਸ ਘਟਨਾ ਤੋਂ ਬਾਅਦ ਬੰਗਲਾਦੇਸ਼ੀ ਖਿਡਾਰੀ ਤਮੀਮ ਇਕਬਾਲ ਅਤੇ ਮੁਸ਼ਫਿਕੁਰ ਰਹਿਮਾਨ ਨੇ ਟਵੀਟ ਜ਼ਰੀਏ ਆਪਣੀ ਸਲਾਮਤੀ ਦੀ ਜਾਣਕਾਰੀ ਦਿੱਤੀ ਹੈ। ਤਮੀਮ ਇਕਬਾਲ ਨੇ ਟਵੀਟ ਕਰ ਕੇ ਲਿਖਿਆ, 'ਪੂਰੀ ਟੀਮ ਨੂੰ ਹਮਲਾਵਰਾਂ ਤੋਂ ਬਚਾਇਆ ਗਿਆ ਹੈ। ਡਰਾਉਣ ਵਾਲਾ ਅਨੁਭਵ, ਸਾਨੂੰ ਆਪਣੀਆਂ ਦੁਆਵਾਂ 'ਚ ਰੱਖੋ।'

ਉੱਥੇ ਹੀ ਮੁਸ਼ਫਿਕੁਰ ਰਹੀਮ ਨੇ ਲਿਖਿਆ, 'ਸਾਨੂੰ ਅੱਲ੍ਹਾ ਨੇ ਕ੍ਰਾਈਸਟਚਰਚ 'ਚ ਹੋਈ ਗੋਲੀਬਾਰੀ 'ਚ ਬਚਾਇਆ ਹੈ। ਅਸੀਂ ਬਹੁਤ ਕਿਸਮਤ ਵਾਲੇ ਹਾਂ। ਅਜਿਹਾ ਅਸੀਂ ਕਦੀ ਦੁਬਾਰਾ ਨਹੀਂ ਦੇਖਣਾ ਚਾਹਾਂਗੇ। ਸਾਡੇ ਲਈ ਦੁਆ ਕਰੋ।'

ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਟਵੀਟ ਕੀਤਾ, 'ਕ੍ਰਾਈਸਟਚਰਚ 'ਚ ਹੋਈ ਗੋਲੀਬਾਰੀ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਟੀਮ ਦੇ ਸਾਰੇ ਮੈਂਬਰ ਸੁਰੱਖਿਅਤ ਤੌਰ 'ਤੇ ਹੋਟਲ 'ਚ ਵਾਪਸ ਆ ਗਏ ਹਨ। ਬੰਗਲਾਦੇਸ਼ ਕ੍ਰਿਕਟ ਬੋਰਡ ਲਗਾਤਾਰ ਖਿਡਾਰੀਆਂ ਅਤੇ ਟੀਮ ਪ੍ਰਬੰਧਕਾਂ ਨਾਲ ਸੰਪਰਕ 'ਚ ਹੈ।'

ICC Chief Executive David Richardson: Our thoughts & sincere condolences go out to families and friends of those affected by this horrendous incident in Christchurch. Both teams, staff & match officials are safe& ICC fully supports the decision to cancel the Test match (file pic) pic.twitter.com/F79rBal4PT

— ANI (@ANI) March 15, 2019


ਆਈਸੀਸੀ ਦੇ ਸੀਈਓ ਡੇਵ ਰਿਚਰਡਸਨ ਨੇ ਕਿਹਾ, 'ਇਸ ਭਿਆਨਕ ਘਟਨਾ ਨਾਲ ਪ੍ਰਭਾਵਿਤ ਲੋਕਾਂ ਦੇ ਪਰਿਵਾਰਾਂ ਅਤੇ ਦੋਸਤਾਂ ਦੇ ਪ੍ਰਤੀ ਸੰਵੇਦਨਾਵਾਂ ਹਨ। ਦੋਵਾਂ ਟੀਮਾਂ ਦੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਸੁਰੱਖਿਅਤ ਹਨ। ਆਈਸੀਸੀ ਟੈਸਟ ਮੈਚ ਨੂੰ ਰੱਦ ਕਰਨ ਦੇ ਫ਼ੈਸਲੇ ਦਾ ਪੂਰਾ ਸਮਰਥਨ ਕਰਦੀ ਹੈ।'

Posted By: Akash Deep