ਨਵੀਂ ਦਿੱਲੀ (ਪੀਟੀਆਈ) : ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਕਾਰਨ ਜੇ ਆਈਪੀਐੱਲ ਭਾਰਤ 'ਚ ਨਹੀਂ ਕਰਵਾਇਆ ਜਾ ਸਕਦਾ ਤਾਂ ਸਯੁੰਕਤ ਅਰਬ ਅਮੀਰਾਤ ਤੇ ਸ੍ਰੀਲੰਕਾ ਤੋਂ ਬਾਅਦ ਨਿਊਜ਼ੀਲੈਂਡ ਨੇ ਮੇਜ਼ਬਾਨੀ ਦੀ ਪੇਸ਼ਕਸ਼ ਕੀਤੀ ਹੈ। ਨਿਊਜ਼ੀਲੈਂਡ ਭਾਵੇਂ ਕੋਰੋਨਾ ਮੁਕਤ ਹੋ ਗਿਆ ਹੈ ਪਰ ਭਾਰਤ ਤੇ ਉੱਥੋਂ ਦੇ ਸਮੇਂ 'ਚ ਸਾਢੇ ਸੱਤ ਘੰਟਿਆਂ ਦਾ ਫਰਕ ਹੈ। ਜੇ ਮੈਚ ਦੁਪਹਿਰ 12.30 ਵਜੇ ਸ਼ੁਰੂ ਹੁੰਦੇ ਹਨ ਤਾਂ ਦਫ਼ਤਰ ਜਾਣ ਵਾਲੇ ਜਾਂ ਘਰ 'ਚ ਹੀ ਕੰਮ ਕਰਨ ਵਾਲੇਵੀ ਇਸ ਨੂੰ ਨਹੀਂ ਦੇਖ ਸਕਣਗੇ। ਸਬੰਧਤ ਅਧਿਕਾਰੀ ਨੇ ਦੱਸਿਆ ਕਿ ਆਈਪੀਐੱਲ ਸੰਚਾਲਨ ਕੌਂਸਲ ਦੀ ਬੈਠਕ ਦੀ ਤਰੀਕ ਜਲਦੀ ਹੀ ਦੱਸੀ ਜਾਵੇਗੀ ਜਿਸ 'ਚ ਇਨ੍ਹਾਂ ਗੱਲਾਂ ਤੇ ਚੀਨੀ ਸਪਾਂਸਰਾਂ ਦੇ ਕਰਾਰ 'ਤੇ ਚਰਚਾ ਹੋਵੇਗੀ।


ਆਸਟ੍ਰੇਲੀਆਈ ਟੀਮ ਨੂੰ ਇੰਗਲੈਂਡ ਸੀਰੀਜ਼ ਦੀ ਤਿਆਰੀ ਲਈ ਕਿਹਾ ਗਿਆ


ਮੈਲਬੌਰਨ (ਪੀਟੀਆਈ) : ਆਊਟਡੋਰ ਅਭਿਆਸ ਸ਼ੁਰੂ ਕਰ ਚੁੱਕੇ ਆਸਟ੍ਰੇਲੀਆਈ ਕ੍ਰਿਕਟਰਾਂ ਨੂੰ ਇੰਗਲੈਂਡ 'ਚ ਹੋਣ ਵਾਲੀ ਸੀਮਤ ਓਵਰਾਂ ਦੀ ਸੀਰੀਜ਼ ਦੀ ਤਿਆਰੀ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਟੀ-20 ਵਿਸ਼ਵ ਕੱਪ ਦੇ ਇਸ ਹਫ਼ਤੇ ਟਲਣ ਦੀ ਸੰਭਾਵਨਾ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਸ ਹਫ਼ਤੇ ਟੀ-20 ਵਿਸ਼ਵ ਕੱਪ ਨੂੰ ਅਧਿਕਾਰਿਤ ਤੌਰ 'ਤੇ ਰੱਦ ਕਰ ਦਿੱਤਾ ਜਾਵੇਗਾ।


ਕੋਹਲੀ ਨੂੰ ਬਦਨਾਮ ਕਰਨ ਦੀ ਹੋ ਰਹੀ ਹੈ ਕੋਸ਼ਿਸ਼ : ਸਚਦੇਹ


ਨਵੀਂ ਦਿੱਲੀ (ਪੀਟੀਆਈ) : ਪ੍ਰਤਿਭਾ ਪ੍ਰਬੰਧਨ ਸੰਸਥਾ ਕਾਰਨਰਸਟੋਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਬੰਟੀ ਸਚਦੇਹ ਨੇ ਹਿੱਤਾਂ ਦੇ ਟਕਰਾਅ ਦੇ ਮਾਮਲੇ 'ਚ ਵਿਰਾਟ ਕੋਹਲੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਨਿੱਜੀ ਸਵਾਰਥ ਕਾਰਨ ਸਿਰਫ ਅੰਦਾਜ਼ੇ ਦੇ ਆਧਾਰ 'ਤੇ ਭਾਰਤੀ ਕ੍ਰਿਕਟ ਕਪਤਾਨ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੱਧ ਪ੍ਰਦੇਸ਼ ਕ੍ਰਿਕਟ ਸੰਘ ਦੇ ਲਾਈਫ ਟਾਈਮ ਮੈਂਬਰ ਸੰਜੀਵ ਗੁਪਤਾ ਨੇ ਕੋਹਲੀ ਖ਼ਿਲਾਫ਼ ਸ਼ਿਕਾਇਤ ਕੀਤੀ ਸੀ ਕਿ ਉਹ ਇੱਕੋ ਸਮੇਂ ਦੋ ਅਹੁਦਿਆਂ 'ਤੇ ਕਾਬਜ਼ ਹੈ। ਉਹ ਭਾਰਤੀ ਟੀਮ ਦੇ ਕਪਤਾਨ ਤੇ ਇਕ ਅਜਿਹੀ ਸੰਸਥਾ ਦਾ ਨਿਰਦੇਸ਼ਕ ਹੈ ਜਿਸ ਦੇ ਸਹਿ-ਨਿਰਦੇਸ਼ਕ ਕਾਰਨਸਟੋਨ ਸਪੋਰਟਸ ਐਂਡ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਡ ਨਾਲ ਜੁੜੇ ਹੋਏ ਹਨ। ਇਹ ਕੰਪਨੀ ਟੀਮ ਦੇ ਕਈ ਖਿਡਾਰੀਆਂ ਦੇ ਪ੍ਰਬੰਧਨ ਦਾ ਕੰਮ ਦੇਖਦੀ ਹੈ।

Posted By: Rajnish Kaur