ਸਾਊਥੈਂਪਟਨ (ਪੀਟੀਆਈ) : ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 18 ਜੂਨ ਤੋਂ ਇੱਥੇ ਹੋਣ ਵਾਲੇ ਪਹਿਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਲਈ ਦੋਵਾਂ ਟੀਮਾਂ ਦੀਆਂ ਤਿਆਰੀਆਂ ਲਗਭਗ ਆਖ਼ਰੀ ਗੇੜ ਵਿਚ ਪੁੱਜ ਚੁੱਕੀਆਂ ਹਨ। ਦੋਵਾਂ ਟੀਮਾਂ ਨੇ ਮੰਗਲਵਾਰ ਨੂੰ ਆਪੋ-ਆਪਣੀਆਂ 15 ਮੈਂਬਰੀ ਟੀਮਾਂ ਦਾ ਐਲਾਨ ਕਰ ਦਿੱਤਾ। ਭਾਰਤੀ ਟੀਮ ਵਿਚ ਜਿੱਥੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਤੇ ਮੁਹੰਮਦ ਸ਼ਮੀ ਤੇ ਬੱਲੇਬਾਜ਼ ਹਨੂਮਾ ਵਿਹਾਰੀ ਦੀ ਵਾਪਸੀ ਹੋਈ ਹੈ ਤਾਂ ਨਿਊਜ਼ੀਲੈਂਡ ਦੀ ਟੀਮ ਲਈ ਰਾਹਤ ਦੀ ਗੱਲ ਇਹ ਹੈ ਕਿ ਕਪਤਾਨ ਕੇਨ ਵਿਲੀਅਮਸਨ ਸੱਟ ਤੋਂ ਠੀਕ ਹੋ ਚੁੱਕੇ ਹਨ ਤੇ ਇਸ ਇਤਿਹਾਸਕ ਫਾਈਨਲ ਵਿਚ ਉਹ ਆਪਣੀ ਟੀਮ ਦੀ ਕਮਾਨ ਸੰਭਾਲਣਗੇ। ਲੱਕ ਦੀ ਸੱਟ ਕਾਰਨ ਦੂਜੇ ਟੈਸਟ 'ਚੋਂ ਬਾਹਰ ਰਹੇ ਬੀਜੇ ਵਾਟਲਿੰਗ ਵੀ ਟੀਮ ਵਿਚ ਸ਼ਾਮਲ ਕੀਤੇ ਗਏ ਹਨ। ਆਈਸੀਸੀ ਦੇ ਟੀਮ ਪ੍ਰਰੋਟੋਕਾਲ ਮੁਤਾਬਕ ਡਬਲਯੂਟੀਸੀ ਫਾਈਨਲ ਲਈ 15 ਮੈਂਬਰੀ ਟੀਮ ਐਲਾਨ ਕੀਤੇ ਜਾਣ ਦੀ ਲੋੜ ਸੀ। ਉਮੇਸ਼, ਸ਼ਮੀ ਤੇ ਵਿਹਾਰੀ ਆਸਟ੍ਰੇਲੀਆ ਦੌਰੇ ਦੌਰਾਨ ਜ਼ਖ਼ਮੀ ਹੋ ਗਏ ਸਨ। ਸਲਾਮੀ ਜੋੜੀ ਦੇ ਰੂਪ ਵਿਚ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ 'ਤੇ ਵੀ ਟੀਮ ਮੈਨੇਜਮੈਂਟ ਨੇ ਯਕੀਨ ਕੀਤਾ ਹੈ ਇਸ ਕਾਰਨ ਮਯੰਕ ਅਗਰਵਾਲ ਤੇ ਕੇਐੱਲ ਰਾਹੁਲ ਨੂੰ ਬਾਹਰ ਬਿਠਾਇਆ ਗਿਆ ਹੈ। ਅਕਸ਼ਰ ਵੀ ਟੀਮ 'ਚ ਥਾਂ ਨਹੀਂ ਬਣਾ ਸਕੇ।

ਭਾਰਤੀ ਟੀਮ

ਵਿਰਾਟ ਕੋਹਲੀ (ਕਪਤਾਨ), ਸ਼ੁਭਮਨ ਗਿੱਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕੇ ਰਹਾਣੇ, ਰਿਸ਼ਭ ਪੰਤ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਜਸਪ੍ਰਰੀਤ ਬੁਮਰਾਹ, ਇਸ਼ਾਂਤ ਸ਼ਰਮਾ, ਮੁਹੰਮਦ ਸਿਰਾਜ, ਰਿੱਧੀਮਾਨ ਸਾਹਾ, ਉਮੇਸ਼ ਯਾਦਵ, ਹਨੂਮਾ ਵਿਹਾਰੀ।