ਵੇਲਿੰਗਟਨ (ਪੀਟੀਆਈ) : ਨਿਊਜ਼ੀਲੈਂਡ ਦੇ ਚੋਟੀ ਦੇ ਕ੍ਰਿਕਟਰਾਂ ਨੇ ਕੋਵਿਡ-19 ਮਹਾਮਾਰੀ ਕਾਰਨ ਲੰਬੇ ਆਰਾਮ ਤੋਂ ਬਾਅਦ ਸੋਮਵਾਰ ਤੋਂ ਲਿੰਕਨ ਦੇ ਹਾਈ ਪਰਫਾਰਮੈਂਸ ਸੈਂਟਰ 'ਚ ਟੀਮ ਅਭਿਆਸ ਸ਼ੁਰੂ ਕਰ ਦਿੱਤਾ। ਨਿਊਜ਼ੀਲੈਂਡ ਕ੍ਰਿਕਟ ਨੇ ਕਿਹਾ ਕਿ ਸਤੰਬਰ ਤਕ ਕੁਲ ਛੇ ਕੌਮੀ ਕੈਂਪ ਲਗਾਏ ਜਾਣਗੇ। ਕੋਰੋਨਾ ਵਾਇਰਸ ਕਾਰਨ ਨਿਊਜ਼ੀਲੈਂਡ 'ਚ ਮਾਰਚ ਤੋਂ ਹੀ ਕ੍ਰਿਕਟ ਸਰਗਰਮੀਆਂ ਠੱਪ ਸਨ।ਜਿਨ੍ਹਾਂ ਪੁਰਸ਼ ਖਿਡਾਰੀਆਂ ਨੇ ਸੋਮਵਾਰ ਨੂੰ ਅਭਿਆਸ 'ਚ ਹਿੱਸਾ ਲਿਆ, ਉਨ੍ਹਾਂ 'ਚ ਟਾਮ ਲਾਥਮ, ਹੈਨਰੀ ਨਿਕੋਲਸ, ਮੈਟ ਹੈਨਰੀ ਤੇ ਡੈਰਿਲ ਮਿਸ਼ੇਲ ਸ਼ਾਮਲ ਸਨ। ਕਪਤਾਨ ਕੇਨ ਵਿਲੀਅਮਸਨ ਅਗਲੇ ਹਫ਼ਤੇ ਮਾਊਂਟ ਮੈਂਗਾਨੁਈ 'ਚ ਸ਼ੁਰੂ ਹੋਣ ਵਾਲੇ ਕੈਂਪ 'ਚ ਹਿੱਸਾ ਲੈਣਗੇ। ਨਿਊਜ਼ੀਲੈਂਡ ਦੀ ਮਹਿਲਾ ਟੀਮ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿੰਕਨ 'ਚ ਖਿਡਾਰੀਆਂ ਵੱਲੋਂ ਅਭਿਆਸ ਕਰਨ ਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ। ਪੁਰਸ਼ ਟੀਮ ਦੇ ਖਿਡਾਰੀਆਂ ਨੇ ਦੂਸਰੇ ਸੈਸ਼ਨ 'ਚ ਅਭਿਆਸ ਕੀਤਾ। ਟੀਮ ਦੀ ਉਪ ਕਪਤਾਨ ਤੇ ਆਲ-ਰਾਊਂਡਰ ਐਮੀ ਸੈਟਰਵੇਟ ਨੇ ਕਿਹਾ ਕਿ ਵਾਪਸੀ ਕਰ ਕੇ ਚੰਗਾ ਲੱਗ ਰਿਹਾ ਹੈ। ਸਾਥੀਆਂ ਨਾਲ ਹਮੇਸ਼ਾ ਆਨੰਦ ਆਉਂਦਾ ਹੈ।
Posted By: Sunil Thapa