ਬਾਰਸੀਲੋਨਾ (ਆਈਏਐੱਨਐੱਸ) : ਬਾਰਸੀਲੋਨਾ ਦੇ ਮੈਨੇਜਰ ਇਰਨੇਸਟੋ ਵਾਲਵੇਰਡ ਨੇ ਕਿਹਾ ਕਿ ਉਨ੍ਹਾਂ ਨੂੰ ਬ੍ਰਾਜ਼ੀਲ ਦੇ ਫਾਰਵਰਡ ਨੇਮਾਰ ਦੀ ਸਪੈਨਿਸ਼ ਕਲੱਬ ਵਿਚ ਵਾਪਸੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਵਾਲਵੇਰਡ ਅਮਰੀਕਾ ਵਿਚ ਇਟਲੀ ਦੇ ਕਲੱਬ ਨਾਪੋਲੀ ਖ਼ਿਲਾਫ਼ ਹੋਣ ਵਾਲੇ ਦੋਸਤਾਨਾ ਮੈਚ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਇਹ ਪੁੱਛੇ ਜਾਣ 'ਤੇ ਕਿ ਕੀ ਨੇਮਾਰ ਬਾਰਸੀਲੋਨਾ ਵਿਚ ਵਾਪਸੀ ਕਰ ਸਕਦੇ ਹਨ। ਵਾਲਵੇਰਡ ਨੇ ਕਿਹਾ ਕਿ ਅਸੀਂ ਨਹੀਂ ਜਾਣਦੇ ਕਿ ਕੀ ਹੋਵੇਗਾ ਤੇ ਮੈਂ ਇਸ ਬਾਰੇ ਨਹੀਂ ਸੋਚ ਰਿਹਾ। ਮੈਂ ਸਾਡੇ ਅਗਲੇ ਮੈਚ ਬਾਰੇ ਸੋਚ ਰਿਹਾ ਹਾਂ ਤੇ ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ। ਮੈਂ ਉਨ੍ਹਾਂ ਖਿਡਾਰੀਆਂ ਦੇ ਨਾਲ ਕੰਮ ਕਰ ਰਿਹਾ ਹਾਂ ਜੋ ਮੇਰੇ ਕੋਲ ਮੌਜੂਦ ਹਨ। ਬਾਰਸੀਲੋਨਾ ਨੇ ਇਸ ਟ੍ਰਾਂਸਫਰ ਵਿੰਡੋ ਵਿਚ ਏਂਟੋਨੀ ਗ੍ਰੀਜ਼ਮੈਨ, ਜੂਨੀਅਰ ਫਿਰਪੋ, ਨੇਟੋ ਤੇ ਫਰੇਂਕੀ ਡੀ ਯੋਂਗ ਨੂੰ ਆਪਣੀ ਟੀਮ ਵਿਚ ਸ਼ਾਮਲ ਕੀਤਾ। ਮੈਨੇਜਰ ਨੇ ਕਿਹਾ ਕਿ ਮੇਰੇ ਕੋਲ ਕੁਝ ਬਿਹਤਰੀਨ ਖਿਡਾਰੀ ਹਨ। ਸਾਰੇ ਖਿਡਾਰੀਆਂ ਨੇ ਲਿਵਰਪੂਲ ਖ਼ਿਲਾਫ਼ ਹੋਏ ਮੈਚ ਤੋਂ ਇਲਾਵਾ ਹਰ ਮੁਕਾਬਲੇ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਅਸੀਂ ਕਈ ਮਹੱਤਵਪੂਰਨ ਖਿਡਾਰੀਆਂ ਨੂੰ ਖ਼ਰੀਦੀਆਂ ਤੇ ਅਸੀਂ ਬਿਹਤਰ ਪ੍ਰਦਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ।