ਨਵੀਂ ਦਿੱਲੀ (ਪੀਟੀਆਈ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਖ਼ਜ਼ਾਨਚੀ ਅਰੁਣ ਧੂਮਲ ਨੇ ਸੋਮਵਾਰ ਨੂੰ ਕਿਹਾ ਕਿ ਕੌਮੀ ਕ੍ਰਿਕਟ ਅਕੈਡਮੀ (ਐੱਨਸੀਏ) ਟੀਮ ਇੰਡੀਆ ਦੇ ਚੋਟੀ ਦੇ ਖਿਡਾਰੀਆਂ ਲਈ ਟ੍ਰੇਨਿੰਗ ਕੈਂਪ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਇਹ ਕੈਂਪ ਕਿੰਨੇ ਦਿਨਾਂ 'ਚ ਸ਼ੁਰੂ ਹੋਵੇਗਾ, ਇਸ ਦੀ ਸਮਾਂ-ਹੱਦ ਉਨ੍ਹਾਂ ਨਹੀਂ ਦੱਸੀ।

ਧੂਮਲ ਨੇ ਕਿਹਾ ਕਿ ਭਾਰਤ 'ਚ ਘਰੇਲੂ ਹਵਾਈ ਸੇਵਾ ਇਕ ਹਫ਼ਤਾ ਪਹਿਲਾਂ ਸ਼ੁਰੂ ਹੋ ਚੁੱਕੀ ਹੈ। ਅਸੀਂ ਹਵਾਈ ਯਾਤਰਾ ਦੀ ਸਮੀਖਿਆ ਕਰਾਂਗੇ ਤੇ ਅਜਿਹੀ ਜਗ੍ਹਾ 'ਤੇ ਟ੍ਰੇਨਿੰਗ ਕੈਂਪ ਲਗਾਵਾਂਗੇ ਜੋ ਸਾਡੇ ਖਿਡਾਰੀਆਂ ਲਈ ਸਿਹਤ ਪੱਖੋਂ 100 ਫ਼ੀਸਦੀ ਸੁਰੱਖਿਅਤ ਲੱਗੇਗਾ। ਉਨ੍ਹਾਂ ਅੱਗੇ ਕਿਹਾ ਕਿ ਖਿਡਾਰੀਆਂ ਨੂੰ ਵੱਖ-ਵੱਖ ਸੂਬਿਆਂ 'ਚੋਂ ਆਉਣਾ ਹੈ। ਅਜਿਹੇ 'ਚ ਜਦੋਂ ਤਕ ਹਾਲਾਤ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੋਣਗੇ, ਉਦੋਂ ਤਕ ਉਨ੍ਹਾਂ ਨੂੰ ਆਪਣੇ ਸੂਬੇ 'ਚ ਪ੍ਰਰੈਕਟਿਸ ਕਰਨ ਲਈ ਕਿਹਾ ਹੈ। ਇਸ ਲਈ ਉਹ ਸੂਬੇ ਦੇ ਕ੍ਰਿਕਟ ਸੰਘਾਂ ਨਾਲ ਸੰਪਰਕ ਕਰ ਸਕਦੇ ਹਨ।