ਨਵੀਂ ਦਿੱਲੀ (ਜੇਐੱਨਐੱਨ) : ਭੁਵਨੇਸ਼ਵਰ ਕੁਮਾਰ ਦੀ ਸੱਟ ਨੇ ਇਕ ਵਾਰ ਮੁੜ ਐੱਨਸੀਏ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਸੱਟ ਨੇ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਕੰਮ ਕਰਨ ਰਹੇ ਮਾਹਿਰਾਂ ਦੀ ਯੋਗਤਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਉਨ੍ਹਾਂ ਨੇ ਭੁਵਨੇਸ਼ਵਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਹੁਣ ਅਜਿਹੀਆਂ ਖ਼ਬਰਾਂ ਹਨ ਕਿ ਹਾਰਦਿਕ ਪਾਂਡਿਆ ਤੇ ਜਸਪ੍ਰੀਤ ਬੁਮਰਾਹ ਨੇ ਵੀ ਰਿਹੈਬਿਲੀਟੇਸ਼ਨ ਲਈ ਐੱਨਸੀਏ ਜਾਣ ਤੋਂ ਇਨਕਾਰ ਕਰ ਦਿੱਤਾ ਹੈ।

ਬੀਸੀਸੀਆਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰੋਟੋਕਾਲ ਮੁਤਾਬਕ ਕਰਾਰ ਵਾਲੇ ਖਿਡਾਰੀਆਂ ਨੂੰ ਰਿਹੈਬੀਲਿਟੇਸ਼ਨ ਲਈ ਐੱਨਸੀਏ ਜਾਣਾ ਪੈਂਦਾ ਹੈ ਪਰ ਪਾਂਡਿਆ ਤੇ ਬੁਮਰਾਹ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਬੈਂਗਲੁਰੂ ਨਹੀਂ ਜਾਣਗੇ।

ਇਸ ਦੌਰਾਨ ਯੋਗੇਸ਼ ਪਰਮਾਰ ਪਾਂਡਿਆ 'ਤੇ ਨਜ਼ਰ ਬਣਾਏ ਹੋਏ ਹਨ ਜਦਕਿ ਨਿਤਿਨ ਪਟੇਲ ਨੇ ਬੁਮਰਾਹ 'ਤੇ ਸਖ਼ਤ ਨਜ਼ਰ ਰੱਖੀ ਹੋਈ ਹੈ।

ਹਾਂ, ਇਹ ਲੋਕ ਕਰਾਰ ਵਾਲੇ ਖਿਡਾਰੀ ਹਨ ਤੇ ਉਨ੍ਹਾਂ ਨੂੰ ਐੱਨਸੀਏ ਵਿਚ ਹੋਣਾ ਚਾਹੀਦਾ ਸੀ ਪਰ ਜੋਖ਼ਮ ਜ਼ਿਆਦਾ ਹੈ ਤੇ ਖਿਡਾਰੀ ਸੱਟਾਂ ਨੂੰ ਲੈ ਕੇ ਗੰਭੀਰ ਹਨ ਇਸ ਲਈ ਇਕ ਸਮੇਂ ਬਾਅਦ ਤੁਹਾਨੂੰ ਖਿਡਾਰੀਆਂ ਨੂੰ ਆਜ਼ਾਦੀ ਦੇਣੀ ਪੈਂਦੀ ਹੈ ਕਿ ਉਹ ਆਪਣੇ ਹਿਤ ਨੂੰ ਲੈ ਕੇ ਫ਼ੈਸਲੇ ਲੈ ਸਕਦਾ ਹੈ।

ਸੱਟ ਨੂੰ ਨਾ ਸਮਝ ਸਕਣ ਕਾਰਨ ਹੋਏ ਮੁੜ ਜ਼ਖ਼ਮੀ

ਭੁਵਨੇਸ਼ਵਰ ਨੂੰ ਹਰਨੀਆ ਦੀ ਸ਼ਿਕਾਇਤ ਹੈ। ਇਹ ਗੇਂਦਬਾਜ਼ ਵਿਸ਼ਵ ਕੱਪ ਤੋਂ ਬਾਅਦ ਐੱਨਸੀਏ ਤੋਂ ਅੰਦਰ-ਬਾਹਰ ਹੁੰਦਾ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਕੋਸ਼ਿਸ਼ 100 ਫ਼ੀਸਦੀ ਫਿੱਟ ਹੋਣ ਦੀ ਹੈ ਪਰ ਐੱਨਸੀਏ ਦੀ ਟੀਮ ਉਨ੍ਹਾਂ ਦੀ ਸੱਟ ਨੂੰ ਸਮਝ ਸਕਣ ਵਿਚ ਨਾਕਾਮ ਰਹੀ ਹੈ ਤੇ ਰਾਸ਼ਟਰੀ ਟੀਮ ਲਈ ਦੋ ਮੈਚ ਖੇਡਣ ਤੋਂ ਬਾਅਦ ਹੀ ਉਹ ਇਕ ਬਾਰ ਮੁੜ ਜ਼ਖ਼ਮੀ ਹੋ ਗਏ।